ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਅਟਲ ਭੂਜਲ ਯੋਜਨਾ ਤੋਂ ਪੰਜਾਬ ਨੂੰ ਬਾਹਰ ਰੱਖਣ ਦੇ ਮਾਮਲੇ 'ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਜਲ ਸਰੋਤ ਮੰਤਰੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ, ਕਿਉਂਕਿ ਮੰਤਰੀ ਰਾਜਸਥਾਨ ਤੋਂ ਸਬੰਧਤ ਹੈ ਅਤੇ ਪੰਜਾਬ ਨੇ ਰਾਜਸਥਾਨ ਤੋਂ ਪਾਣੀ ਦੀ ਰਕਮ ਵਸੂਲਣ ਦੀ ਗੱਲ ਕਹੀ ਹੈ। ਇਸ ਕਰਕੇ ਜਾਣ ਬੁੱਝ ਕੇ ਇਸ ਯੋਜਨਾ ਤੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਣੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਸੁਖਬੀਰ ਬਾਦਲ ਨੇ ਚੁੱਪੀ ਧਾਰੀ ਹੋਈ ਹੈ।
ਸਿਮਰਜੀਤ ਬੈਂਸ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਨੂੰ ਅਟਲ ਭੂਜਲ ਯੋਜਨਾ ਵਿਚ ਸ਼ਾਮਿਲ ਨਾ ਕੀਤਾ ਗਿਆ ਤਾਂ 10 ਜਨਵਰੀ ਨੂੰ ਉਹ ਕੇਂਦਰੀ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਬੱਸ ਬਿਆਨ ਜਾਰੀ ਕਰਨ ਤੋਂ ਬਾਅਦ ਚੁੱਪ ਹਨ ਅਤੇ ਨਾਲ ਹੀ ਬੀਜੇਪੀ ਦੀ ਭਾਈਵਾਲ ਪਾਰਟੀ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਇਸ ਮਾਮਲੇ 'ਤੇ ਚੁੱਪ ਹੈ।