ਰਾਏਕੋਟ: ਬੀਤੇ ਦਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਦੋਵੇਂ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਸਨ। ਇਨ੍ਹਾਂ ਵਿਚੋਂ ਇੱਕ ਨੌਜਵਾਨ ਭੁਪਿੰਦਰ ਸਿੰਘ ਉਰਫ ਦਿਲਾਵਰ ਰਾਏਕੋਟ ਦੇ ਪਿੰਡ ਤਾਜਪੁਰ ਦਾ ਰਹਿਣ ਵਾਲਾ ਹੈ। ਫੜ੍ਹੇ ਗਏ ਭੁਪਿੰਦਰ ਸਿੰਘ ਦੀ ਪਤਨੀ ਨੇ ਉਸਦੀ ਗ੍ਰਿਫਤਾਰੀ 'ਤੇ ਹੈਰਾਨਗੀ ਜ਼ਾਹਿਰ ਕੀਤੀ ਹੈ। ਭੁਪਿੰਦਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਦੇ ਪਤੀ ਨੂੰ ਝੂਠੇ ਦੋਸ਼ਾਂ ਤਹਿਤ ਫਸਾਇਆ ਗਿਆ ਹੈ।
ਰਾਮਦਾਸੀਆ ਸਿੱਖ ਪਰਿਵਾਰ ਨਾਲ ਸਬੰਧਤ ਭੁਪਿੰਦਰ ਸਿੰਘ ਦੇ ਘਰ ਵਿੱਚ ਉਸ ਦੀ ਪਤਨੀ ਬਲਜਿੰਦਰ ਕੌਰ, ਇੱਕ 9 ਸਾਲਾਂ ਕੁੜੀ ਤੇ 7 ਸਾਲਾਂ ਪੁੱਤਰ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭੁਪਿੰਦਰ ਸਿੰਘ ਉਰਫ ਦਿਲਾਵਰ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਪਿਛਲੇ ਸ਼ੁੱਕਰਵਾਰ ਨੂੰ 12 ਵਜੇ ਦੇ ਕਰੀਬ ਪਿੰਡ ਬਿੰਜਲ ਦੇ ਵਸਨੀਕ ਇੱਕ ਵਿਅਕਤੀ ਕੁਲਵੰਤ ਸਿੰਘ ਨਾਲ ਲੁਧਿਆਣਾ ਕਹਿ ਕੇ ਗਿਆ ਸੀ ਅਤੇ ਸ਼ਾਮ ਨੂੰ 5 ਵਜੇ ਤੱਕ ਘਰ ਵਾਪਸ ਆਉਣ ਬਾਰੇ ਆਖਿਆ ਸੀ। ਪਰ ਸ਼ਾਮ 6 ਵਜੇ ਤੋਂ ਬਾਅਦ ਉਸ ਦਾ ਫੋਨ ਨੰਬਰ ਬੰਦ ਆਉਣ ਲੱਗ ਪਿਆ। ਦੂਜੇ ਦਿਨ ਦਿੱਲੀ ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਪਤੀ ਨੂੰ ਦਿੱਲੀ ਪੁਲਿਸ ਨੇ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ।