ਲੁਧਿਆਣਾ: ਅਕਾਲੀ ਦਲ ਅਤੇ ਬਸਪਾ ਦੇ ਵਿਚਕਾਰ ਹੋਏ ਗੱਠਜੋੜ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਜਿੱਥੇ ਵਿਰੋਧੀਆਂ ਵੱਲੋਂ ਅਕਾਲੀ ਦਲ ਅਤੇ ਬਸਪਾ 'ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ, ਉੱਥੇ ਹੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਬੈਂਸ ਨੇ ਵੀ ਇਸ ਗੱਠਜੋੜ 'ਤੇ ਸਿਆਸੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਸਪਾ ਦੀ ਆਈਡਿਓਲੋਜੀ ਅਕਾਲੀ ਦਲ ਤੋਂ ਕੋਹਾਂ ਦੂਰ ਹੈ। ਇਸ ਕਰਕੇ ਬਸਪਾ ਦੇ ਵਰਕਰ ਕਿਸੇ ਵੀ ਸੂਰਤ ਵਿੱਚ ਅਕਾਲੀ ਦਲ ਦੇ ਲੀਡਰਾਂ ਨੂੰ ਆਪਣੀ ਕੀਮਤੀ ਵੋਟ ਨਹੀਂ ਪਾਉਣਗੇ।
ਸਿਮਰਜੀਤ ਬੈਂਸ ਨੇ ਅਕਾਲੀ ਦਲ 'ਤੇ ਵਰ੍ਹਦਿਆਂ ਕਿਹਾ ਕਿ ਬਸਪਾ ਕਿਵੇਂ ਭੁੱਲ ਸਕਦੀ ਹੈ ਕਿ ਐੱਸ.ਸੀ ਸਕਾਲਰਸ਼ਿਪ ਘੋਟਾਲਾ ਸਭ ਤੋਂ ਪਹਿਲਾਂ ਕਿਸ ਨੇ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਿਸ ਪਾਰਟੀ ਦੇ ਸਮੇਂ ਅਤੇ ਕਿਸ ਪਰਿਵਾਰ ਵੱਲੋਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ 'ਚ ਧੱਕਣ ਵਾਲੀ ਕਿਹੜੀ ਪਾਰਟੀ ਅਤੇ ਪਰਿਵਾਰ ਹੈ। ਇਹ ਬਸਪਾ ਦੇ ਵਰਕਰ ਜ਼ਮੀਨੀ ਪੱਧਰ 'ਤੇ ਚੰਗੀ ਤਰ੍ਹਾਂ ਜਾਣਦੇ ਹਨ।