ਲੁਧਿਆਣਾ : ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਮੱਤੇਵਾੜਾ ਦੇ ਪਿੰਡ ਸੇਖੋਵਾਲ ਪੁੱਜੀ। ਮੱਤੇਵਾੜਾ ਦੇ ਜੰਗਲਾਂ ਵਿੱਚ ਇੰਡਸਟਰੀ ਪਾਰਕ ਬਣਾਉਣ ਤੇ ਉਸ ਦੇ ਪੰਚਾਇਤੀ ਜ਼ਮੀਨ ਅਕਵਾਇਰ ਕਰਨ ਦਾ ਵਿਰੋਧ ਕੀਤਾ। ਇਸ ਮੌਕੇ ਮਾਣੂਕੇ ਨੇ ਕੈਪਟਨ ਸਰਕਾਰ ਤੇ ਅਕਾਲੀ ਦਲ ਉੱਤੇ ਜੰਮ ਕੇ ਨਿਸ਼ਾਨੇ ਸਾਧੇ।
ਆਮ ਆਦਮੀ ਪਾਰਟੀ ਲੜੇਗੀ ਲੋਕਾਂ ਦੇ ਹੱਕ ਦੀ ਲੜਾਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ 'ਆਪ' ਪਾਰਟੀ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵਿਕਾਸ ਦੇ ਨਾਂਅ ਉੱਤੇ ਪੰਚਾਇਤੀ ਜ਼ਮੀਨਾਂ ਨੂੰ ਹੜੱਪਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਭੋਲੇ ਭਾਲੇ ਸਰਪੰਚਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਪੰਚਾਇਤੀ ਜ਼ਮੀਨਾਂ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੇਖੋਵਾਲ ਦੇ ਲੋਕਾਂ ਪਿਛਲੇ ਲੰਬੇ ਸਮੇਂ ਤੱਕ ਸੁਪਰੀਮ ਕੋਰਟ 'ਚ ਕਾਨੂੰਨੀ ਲੜਾਈ ਲੜ ਕੇ ਪੰਚਾਇਤੀ ਜ਼ਮੀਨ ਦੇ ਹੱਕ ਹਾਸਲ ਕੀਤੇ ਸਨ, ਪਰ ਕੈਪਟਨ ਸਰਕਾਰ ਇਨ੍ਹਾਂ ਗਰੀਬ ਲੋਕਾਂ ਦੇ ਹੱਕ ਖੋਹਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹਾ ਨਹੀਂ ਹੋਣ ਦਵੇਗੀ। ਉਨ੍ਹਾਂ ਆਖਿਆ ਕਿ ਪਿੰਡ ਦੇ ਵਿੱਚ ਸੈਂਕੜੇ ਲੋਕ ਰਹਿੰਦੇ ਹਨ। ਇਨ੍ਹਾਂ ਵਿੱਚ ਬੱਚੇ,ਬਜ਼ੁਰਗ ਵੀ ਸ਼ਾਮਲ ਹਨ, ਕੋਰਨਾ ਮਹਾਂਮਾਰੀ ਦੇ ਸੰਕਟ ਕਾਲ ਦੌਰਾਨ ਇਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਕਿੱਥੇ ਜਾਣਗੇ।
ਸਰਬਜੀਤ ਮਾਣੂਕੇ ਨੇ ਕਿਹਾ ਕਿ ਲੋੜ ਪੈਣ ਤੇ ਉਹ ਅਦਾਲਤਾਂ ਦਾ ਵੀ ਦਰਵਾਜ਼ਾ ਖੜਕਾਉਣਗੇ ਅਤੇ ਸਥਾਨਕ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਗਰੀਬ ਲੋਕਾਂ ਅਤੇ ਕਿਸਾਨਾਂ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਉਨ੍ਹਾਂ ਨੂੰ ਉਨ੍ਹਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਲੋਕਾਂ ਨੇ ਕੀਤਾ ਇੰਡਸਟਰੀ ਪਾਰਕ ਦਾ ਵਿਰੋਧ ਸਰਬਜੀਤ ਨੇ ਕੈਪਟਨ ਸਰਕਾਰ ਦੇ ਨਾਲ ਅਕਾਲੀ ਦਲ ਵਿਰੁੱਧ ਵੀ ਨਿਸ਼ਾਨੇ ਸਾਧੇ। ਉਨ੍ਹਾਂ ਦੋਹਾਂ ਹੀ ਪਾਰਟੀਆਂ ਨੂੰ ਕਿਸਾਨ ਵਿਰੋਧੀ, ਦਲਿਤ ਵਿਰੋਧੀ ਤੇ ਲੋਕਾਂ ਨੂੰ ਲੁੱਟਣ ਵਾਲੀ ਦੱਸਿਆ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਹਲਕਾ ਸਾਹਨੇਵਾਲ ਮੱਤੇਵਾੜਾ ਦੇ ਜੰਗਲਾਂ ਵਿੱਚ ਇੰਡਸਟਰੀ ਪਾਰਕ ਬਣਾਉਣ ਲਈ 1000 ਏਕੜ ਜ਼ਮੀਨ ਅਕਵਾਇਰ ਕਰਨ ਅਤੇ ਨੇੜਲੇ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਇਸ 'ਚ ਰਲਾਉਣ ਦਾ ਪਲਾਨ ਬਣਾ ਰਹੀ ਹੈ।
ਸਥਾਨਕ ਲੋਕਾਂ ਵੱਲੋਂ ਇਸ ਮਾਮਲੇ 'ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਥੇ ਰਹਿਣ ਵਾਲੇ ਸੈਂਕੜੇ ਪਰਿਵਾਰ ਖੇਤੀਬਾੜੀ ਕਰਕੇ ਆਪਣਾ ਢਿੱਡ ਭਰਦੇ ਹਨ, ਜੇਕਰ ਉਨ੍ਹਾਂ ਕੋਲੋਂ ਪੰਚਾਇਤੀ ਜ਼ਮੀਨਾਂ ਖੋਹ ਲਈਆਂ ਜਾਣਗੀਆਂ ਤਾਂ ਭੁੱਖੇ ਮਰ ਜਾਣਗੇ। ਉਨ੍ਹਾਂ ਦਾ ਰੁਜ਼ਗਾਰ ਖ਼ਤਮ ਹੋ ਜਾਵੇਗਾ। ਸਥਾਨਕ ਲੋਕਾਂ ਮੁਤਾਬਕ ਉਹ ਪੰਚਾਇਤੀ ਜ਼ਮੀਨਾਂ ਦਾ ਟੈਕਸ ਵੀ ਸੂਬਾ ਸਰਕਾਰ ਨੂੰ ਅਦਾ ਕਰਦੇ ਹਨ।
ਲੋਕਾਂ ਨੇ ਕੀਤਾ ਇੰਡਸਟਰੀ ਪਾਰਕ ਦਾ ਵਿਰੋਧ ਪਿੰਡ ਵਾਸੀਆਂ ਨੇ ਆਖਿਆ ਕਿ ਉਹ ਵਿਕਾਸ ਚਾਹੁੰਦੇ ਹਨ, ਪਰ ਉਹ ਜੰਗਲਾਂ ਨੂੰ ਕੱਟ ਕੇ ਜਾਂ ਫੇਰ ਖੇਤੀ ਯੋਗ ਜ਼ਮੀਨ ਜਿਸ ਨੂੰ ਉਨ੍ਹਾਂ ਕਈ ਸਾਲਾਂ ਤੱਕ ਆਪਣੀ ਮਿਹਨਤ ਨਾਲ ਖੇਤੀ ਯੋਗ ਬਣਾਇਆ ਉਸ ਨੂੰ ਖ਼ਤਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਇਥੇ ਦੀ 417 ਏਕੜ ਜ਼ਮੀਨ ਨੂੰ ਅਕਵਾਇਰ ਕੀਤਾ ਗਿਆ ਤਾਂ ਪੂਰੇ ਪਿੰਡ ਦੇ ਲੋਕ ਬੇਘਰ ਹੋ ਜਾਣਗੇ। ਇਸ ਲਈ ਉਹ ਇਸ ਪਾਰਕ ਬਣਾਉਣ ਨੂੰ ਲੈ ਕੇ ਸਰਕਾਰ ਦਾ ਵਿਰੋਧ ਕਰ ਰਹੇ ਹਨ। ਸਥਾਨਕ ਲੋਕਾਂ ਨੇ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਦਾ ਫੈਸਲਾ ਲਿਆ ਹੈ।