ਲੁਧਿਆਣਾ: ਸ਼ਹਿਰ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਘਰ ਵੱਲ ਨੂੰ ਪਰਤ ਰਹੇ ਹਨ। ਅਜਿਹੇ 'ਚ ਕੁੱਝ ਤਸਵੀਰਾਂ ਅਜਿਹੀਆਂ ਸਾਹਮਣੇ ਆਈਆਂ ਹਨ, ਜੋ ਦਿਲ ਝਿਝੋੜ ਕੇ ਰੱਖ ਦਿੰਦਿਆਂ ਹਨ। ਇਹ ਤਸਵੀਰਾਂ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰ ਦੇਣਗੀਆਂ ਕਿ ਆਖ਼ਿਰ ਇਸ ਮਾਸੂਮ ਦਾ ਕਸੂਰ ਕੀ ਹੈ। ਜੇਠ ਦੀ ਅੱਗ ਉਗਲਦੀ ਇਸ ਧੂਪ 'ਚ ਕਿਉਂ ਇਹ ਤਪਦੀ ਧਰਤੀ ਵੀ ਇਸ ਮਾਸੂਮ ਨੂੰ ਸਜ਼ਾ ਦੇ ਰਹੀ ਹੈ। ਆਪਣੀ ਮਾਂ ਦੇ ਪੈਰਾ 'ਤੇ ਪੈਰ ਧਰ ਕੇ ਗਰਮ ਧਰਤੀ ਤੋਂ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇਸ ਮਾਸੂਮ ਦੀ ਖਵਾਈਸ਼ ਬਸ ਇੰਨੀ ਸੀ, ਕਿ ਉਹ ਕਿਸੇ ਵੀ ਤਰ੍ਹਾਂ ਆਪਣੇ ਪਿੰਡ ਪਹੁੰਚ ਜਾਵੇ।
ਲੰਮੀਆਂ-ਲੰਮੀਆਂ ਕਤਾਰਾਂ 'ਚ ਪੈਦਲ ਚਲਕੇ ਆਪਣੇ ਪਿੰਡ ਘਰ ਪਰਤਣ ਲਈ ਇਨ੍ਹਾਂ ਨੰਨ੍ਹੇ ਕਦਮਾਂ ਨੇ ਰਾਹ ਤਾਂ ਫੜ੍ਹ ਲਿਆ ਪਰ ਇਨ੍ਹਾਂ ਨੂੰ ਕੀ ਪਤਾ ਸੀ ਇੱਕ ਪਾਸੇ ਮਹਾਂਮਾਰੀ ਤੇ ਦੂਜੇ ਪਾਸੇ ਸੂਰਜ ਦੇ ਇਸ ਪ੍ਰਕੋਪ ਦਾ ਵੀ ਇਨ੍ਹਾਂ ਨੂੰ ਸਾਹਮਣਾ ਕਰਨਾ ਪਵੇਗਾ। ਇਸ ਨੰਨ੍ਹੇ ਲੜਾਕੂ ਨੇ ਜਿਵੇਂ ਹਾਰ ਨਾ ਮਨਣ ਦੀ ਜਿੱਦ ਫੜ੍ਹ ਲਈ ਹੋਵੇ। ਜੋ ਸੂਰਜ ਦੀ ਇਸ ਬਰਸਾਤੀ ਅੱਗ ਨੂੰ ਵੀ ਪਿੱਛੇ ਛੱਡ ਅਗਾਂਹ ਵੱਧ ਰਿਹਾ ਹੈ।