ਲੁਧਿਆਣਾ: ਜਮਾਲਪੁਰ ਸਥਿਤ ਸ਼ੰਕਰ ਕਾਲੋਨੀ 'ਚ ਇੱਕ ਪਰਿਵਾਰ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਵੀ ਕੈਮਰੇ 'ਚ ਕੈਦ ਹੋ ਗਈਆਂ ਹਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸ਼ੰਕਰ ਕਾਲੋਨੀ 'ਚ ਕੁੱਝ ਨੌਜਵਾਨਾਂ ਨੇ ਇੱਟਾਂ, ਰੋੜੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਘਰ 'ਤੇ ਹਮਲਾ ਕਰ ਦਿੱਤਾ। ਇਸ ਤੋਂ ਅਲਾਵਾ ਉਨ੍ਹਾਂ ਘਰ ਦੇ ਬਾਹਰ ਖੜ੍ਹੀ ਗੱਡੀਆਂ ਦੀ ਭੰਨ ਤੋੜ ਕੀਤੀ। ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ 'ਚ ਕੈਦ ਗਈ।
ਇਸ ਮਾਮਲੇ 'ਚ ਪੀੜਤਾ ਨੇ ਦੱਸਿਆ ਕਿ ਅਨੁਜ, ਸੂਰਜ ਅਤੇ ਉਸ ਦੇ ਕੁਝ ਸਾਥੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਉਸ ਦਾ ਕੜਾ ਮਾਰ ਕੇ ਸਿਰ ਵੀ ਪਾੜ ਦਿੱਤਾ। ਪੀੜਤ ਨੇ ਮੰਗ ਕੀਤੀ ਹੈ ਕਿ ਉਸ ਦਾ ਜੋ ਵੀ ਨੁਕਸਾਨ ਹੋਇਆ ਉਸ ਦੀ ਭਰਪਾਈ ਕਰਵਾਈ ਜਾਵੇ।
ਦੂਜੇ ਪਾਸੇ ਥਾਣਾ ਜਮਾਲਪੁਰ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਮੋਬਾਈਲ ਨੂੰ ਲੈ ਕੇ ਦੋਹਾਂ ਵਿਚਾਲੇ ਕੋਈ ਪੁਰਾਣੀ ਰੰਜਿਸ਼ ਚਲ ਰਹੀ ਸੀ, ਜਿਸ ਦੇ ਚੱਲਦਿਆਂ ਮੁਲਜ਼ਮ ਦੇ ਕਹਿਣ ਮੁਤਾਬਕ ਅਨੁਜ ਅਤੇ ਸੂਰਜ ਦੇ ਸਾਥੀਆਂ ਨੇ ਉਸ 'ਤੇ ਹਮਲਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ।