ਬਰਨਾਲਾ: ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਕਾਰਨ ਪੂਰਾ ਦੇਸ਼ 22 ਮਾਰਚ ਤੋਂ ਲੌਕਡਾਉਨ ਕੀਤਾ ਹੋਇਆ ਹੈ। ਇਸ ਕਰਕੇ ਦੇਸ਼ ਵਿੱਚ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ 'ਤੇ ਪਾਬੰਦੀ ਲੱਗੀ ਹੋਈ ਹੈ। ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਲੌਕਡਾਊਨ ਦਾ ਅਸਰ ਇਸ ਵਾਡੀ ਦੇ ਸੀਜ਼ਨ 'ਤੇ ਸਭ ਤੋਂ ਜ਼ਿਆਦਾ ਪੈ ਰਿਹਾ ਹੈ। ਹਰ ਵਾਰ ਕਣਕ ਦੀ ਵਾਢੀ ਮੌਕੇ ਯੂਪੀ, ਬਿਹਾਰ ਤੋਂ ਵੱਡੇ ਪੱਧਰ 'ਤੇ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਆਉਂਦੇ ਸਨ। ਇਹ ਮਜ਼ਦੂਰ ਕਣਕ ਦੀ ਵਾਢੀ ਤੋਂ ਲੈ ਕੇ ਝੋਨੇ ਦੀ ਲਵਾਈ ਤੱਕ ਪੰਜਾਬ ਵਿੱਚ ਮਜ਼ਦੂਰੀ ਕਰਦੇ ਹਨ। ਪਰ ਇਸ ਵਾਰ ਨਾ-ਮਾਤਰ ਮਜ਼ਦੂਰ ਪੰਜਾਬ ਵਿੱਚ ਆ ਸਕੇ।
ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ ਵਿੱਚ ਨਾ ਆਉਣ ਕਾਰਨ ਵਾਢੀ ਦਾ ਕੰਮ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ। ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦੇਸੀ ਮਜ਼ਦੂਰਾਂ ਨਾਲ ਕੰਮ ਕਰਵਾਉਣਾ ਪੈ ਰਿਹਾ ਹੈ। ਦੇਸੀ ਮਜ਼ਦੂਰ ਕਾਫੀ ਮਹਿੰਗੇ ਪੈ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਹਰ ਸਾਲ ਯੂਪੀ ਤੋਂ ਪ੍ਰਵਾਸੀ ਮਜ਼ਦੂਰ ਬਾਡੀ ਮੌਕੇ ਆਉਂਦੇ ਸਨ। ਪਰ ਇਸ ਵਾਰ ਕੋਰੋਨਾ ਕਰਫਿਊ ਕਰਕੇ ਪ੍ਰਵਾਸੀ ਮਜ਼ਦੂਰ ਨਹੀਂ ਆ ਸਕੇ।
ਇਸ ਦਾ ਅਸਰ ਇਹ ਹੋਇਆ ਕਿ ਉਨ੍ਹਾਂ ਨੂੰ ਹੱਥੀਂ ਵਾਢੀ ਕਰਵਾਉਣ ਦੀ ਥਾਂ 'ਤੇ ਇਸ ਵਾਰ ਕੰਬਾਈਨ ਮਸ਼ੀਨਾਂ ਨਾਲ ਕਣਕ ਦੀ ਵਾਢੀ ਕਰਵਾਉਣੀ ਪੈ ਰਹੀ ਹੈ। ਤੂੜੀ ਵੀ ਰੀਪਰਾਂ ਦੀ ਮਦਦ ਨਾਲ ਬਣਵਾਉਣੀ ਪੈ ਰਹੀ ਹੈ। ਤੂੜੀ ਦੀ ਸਾਂਭ ਸੰਭਾਲ ਲਈ ਦੇਸ਼ੀ ਮਜ਼ਦੂਰਾਂ ਤੇ ਨਿਰਭਰ ਰਹਿਣਾ ਪੈ ਰਿਹਾ ਹੈ, ਜੋ ਮਜ਼ਦੂਰ ਪ੍ਰਵਾਸੀ ਮਜ਼ਦੂਰਾਂ ਦੇ ਮੁਕਾਬਲੇ ਕਾਫੀ ਮਹਿੰਗੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਝੋਨੇ ਦੀ ਲਵਾਈ ਵੀ ਉਨ੍ਹਾਂ ਨੂੰ ਕਾਫੀ ਸਮੱਸਿਆ ਖੜ੍ਹੀ ਕਰੇਗੀ ਅਤੇ ਝੋਨਾ ਪੰਜਾਬ ਦੇ ਮਜ਼ਦੂਰਾਂ ਤੋਂ ਹੀ ਲਗਾਉਣਾ ਪਵੇਗਾ ਜੋ ਉਨ੍ਹਾਂ ਨੂੰ ਕਾਫ਼ੀ ਮਹਿੰਗਾ ਹੋਵੇਗਾ।