ਜਲੰਧਰ: ਸਰਕਾਰ ਵੱਲੋਂ ਲੜਕੀਆਂ ਪ੍ਰਤੀ ਹੋ ਰਹੇ ਅਪਰਾਧਾਂ ਨੂੰ ਰੋਕਣ ਦੇ ਕਈ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਜ਼ਮੀਨੀ ਪੱਧਰ 'ਤੇ ਧੁੰਦਲੇ ਪੈਂਦੇ ਨਜ਼ਰ ਆ ਰਹੇ ਹਨ। ਕਸਬਾ ਫਿਲੌਰ ਦੇ ਪਿੰਡ ਬਿਲਗਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਬੋਲਣ-ਸੁਣਨ 'ਚ ਅਸਮਰਥ ਨਬਾਲਗ਼ ਬੱਚੀ ਨਾਲ ਜਬਰ-ਜ਼ਨਾਹ ਕਰ ਉਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕਾ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ 13 ਸਾਲਾ ਦੀ ਨਬਾਲਗ਼ ਬੱਚੀ ਬੋਲ ਤੇ ਸੁਣ ਨਹੀਂ ਸਕਦੀ। ਬੀਤੀ ਸ਼ਾਮ ਉਹ ਦੁਕਾਨ ਤੋਂ ਸਾਮਾਨ ਲੈਣ ਲਈ ਗਈ ਸੀ ਤੇ ਵਾਪਸ ਨਾ ਮੁੜੀ। ਉਨ੍ਹਾਂ ਨੇ ਦੇਰ ਰਾਤ ਤੱਕ ਪੂਰੇ ਪਿੰਡ ਵਿੱਚ ਉਸ ਦੀ ਭਾਲ ਕੀਤੀ ਪਰ ਉਹ ਨਾ ਮਿਲੀ। ਸਵੇਰੇ ਦੇ ਸਮੇਂ ਉਸ ਦੀ ਲਾਸ਼ ਪਿੰਡ ਦੇ ਖੇਤਾਂ 'ਚੋਂ ਬਰਾਮਦ ਹੋਈ। ਪੀੜਤਾ ਦੇ ਪਰਿਵਾਰ ਨੇ ਬੱਚੀ ਨਾਲ ਜਬਰ-ਜ਼ਨਾਹ ਤੇ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤੇ ਜਾਣ ਦੀ ਅਪੀਲ ਕੀਤੀ ਹੈ।