ਜਲੰਧਰ : ਲੋਹੀਆਂ ਖਾਸ ਦੇ ਪਿੰਡ ਮੁੰਡੀ ਚੋਹਲੀਆਂ ਵਿੱਚ ਇੱਕ ਹਾਦਸਾ ਵਾਪਰੀਆ ਹੈ। ਇੱਥੇ ਮੈਂਥਾ ਪਲਾਂਟ ਦੇ ਡਰਮ ਸਾਫ ਕਰਦੇ ਹੋਏ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਬੇਹੋਸ਼ ਹੋ ਗਿਆ।
ਗੈਸ ਚੜ੍ਹਨ ਨਾਲ ਦੋ ਸਕੇ ਭਰਾਵਾਂ ਦੀ ਮੌਤ, ਇੱਕ ਬੇਹੋਸ਼ - ਮੈਂਥਾ ਪਲਾਂਟ
ਜਲੰਧਰ ਦੇ ਲੋਹੀਆਂ ਖਾਸ ਵਿਖੇ ਪਿੰਡ ਮੁੰਡੀ ਚੋਹਲੀਆਂ 'ਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਹੈ। ਇੱਥੇ ਮੈਂਥਾ ਪਲਾਂਟ ਦੇ ਡਰਮ ਸਾਫ ਕਰਦਿਆਂ ਗੈਸ ਚੜ੍ਹਨ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ।
ਮ੍ਰਿਤਕਾਂ ਦੀ ਪਛਾਣ 40 ਸਾਲਾ ਫੁੱਮਣ ਸਿੰਘ ਅਤੇ 45 ਸਾਲਾ ਪਾਲਾ ਸਿੰਘ ਵਜੋਂ ਹੋਈ ਹੈ। ਹਾਦਸੇ ਦੇ ਚਸ਼ਮਦੀਦ ਲੋਕਾਂ ਮੁਤਾਬਕ ਪਿੰਡ ਦੇ ਕਈ ਲੋਕ ਪਿੰਡ ਦੇ ਅੰਦਰ ਬਣੀ ਕਿਸਾਨ ਮੈਂਥਾ ਪਲਾਂਟ 'ਚ ਕੰਮ ਕਰਦੇ ਹਨ। ਇਹ ਦੋਵੇਂ ਭਰਾ ਵੀ ਇੱਥੇ ਕੰਮ ਕਰਦੇ ਸਨ। ਪਲਾਂਟ ਦੀ ਖੂਹੀਆਂ ਦੀ ਸਫਾਈ ਕਰਨ ਦੇ ਮਕਸਦ ਨਾਲ ਫੁੱਮਣ ਸਿੰਘ ਪੰਦਰਾ ਫੁੱਟ ਡੂੰਘੇ ਖੂਹ ਵਿੱਚ ਉੱਤਰ ਗਿਆ ਤੇ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ, ਜਦ ਕੁੱਝ ਸਮੇਂ ਤੱਕ ਉਹ ਬਾਹਰ ਨਾ ਆਇਆ ਤਾਂ ਉਸ ਦਾ ਭਰਾ ਪਾਲਾ ਸਿੰਘ ਉਸ ਨੂੰ ਬਚਾਉਣ ਗਿਆ ਗੈਸ ਚੜ੍ਹਨ ਦੇ ਚਲਦੇ ਉਹ ਵੀ ਹੇਠਾਂ ਡਿੱਗ ਗਿਆ। ਉਨ੍ਹਾਂ ਦੋਹਾਂ ਨਾਲ ਕੰਮ ਕਰਨ ਵਾਲੇ ਗੁਰਦੀਪ ਸਿੰਘ ਨੇ ਦੋਹਾਂ ਨੂੰ ਬਚਾਉਣ ਲਈ ਖੂਹ 'ਚ ਛਾਲ ਮਾਰੀ ਤਾਂ ਉਹ ਵੀ ਗੈਸ ਕਾਰਨ ਬੇਹੋਸ਼ ਗਿਆ, ਪਰ ਉਸ ਨੂੰ ਹੋਰਨਾਂ ਲੋਕਾਂ ਵੱਲੋਂ ਜਲਦ ਹੀ ਬਾਹਰ ਕੱਢ ਲਿਆ ਗਿਆ। ਉਸ ਨੂੰ ਇਲਾਜ ਲਈ ਲੋਹੀਆ ਖ਼ਾਸ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਵਰਿੰਦਰ ਪਾਲ ਸਿੰਘ ਤੇ ਲੋਹੀਆਂ ਖ਼ਾਸ ਦੇ ਥਾਣਾ ਇੰਚਾਰਜ ਸੁਖਦੇਵ ਸਿੰਘ ਮੌਕੇ 'ਤੇ ਪੁੱਜੇ। ਡੀਐਸਪੀ ਵਰਿੰਦਰ ਪਾਲ ਨੇ ਦੱਸਿਆ ਕਿ ਵਾਪਰੀ ਘਟਨਾ ਸਬੰਧੀ ਕਿਸੇ ਵੀ ਵਿਅਕਤੀ ਵੱਲੋਂ ਬਿਆਨ ਦਰਜ ਨਹੀਂ ਕਰਵਾਏ ਗਏ। ਪੁਲਿਸ ਵੱਲੋਂ ਇਸ ਮਾਮਲੇ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।