ਜਲੰਧਰ: ਕਰਤਾਰਪੁਰ ਵਿਖੇ ਅੰਮ੍ਰਿਤਸਰ-ਜਲੰਧਰ ਨੈਸ਼ਨਲ ਹਾਈਵੇ 'ਤੇ ਇੱਕ ਟਰੱਕ ਤੇ ਇੱਕ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੈ।
ਸੜਕ ਹਾਦਸੇ 'ਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ,1 ਜ਼ਖਮੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੰਮ੍ਰਿਤਸਰ-ਜਲੰਧਰ ਨੈਸ਼ਨਲ ਹਾਈਵੇ 'ਤੇ ਸਥਿਤ ਜੰਗੇ ਆਜ਼ਾਦੀ ਯਾਦਗਾਰ ਹਾਲ ਸਾਹਮਣੇ ਵਾਪਰਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਇੱਕ ਟਰੱਕ ਜੀਟੀ ਰੋਡ ਉੱਤੇ ਚੜ੍ਹਨ ਲੱਗਾ ਤਾਂ ਦੂਜੇ ਪਾਸੇ ਤੋਂ ਆ ਰਹੇ ਇੱਕੋ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਇੱਕੋ ਮੋਟਰਸਾਈਕਲ 'ਤੇ ਚਾਰ ਲੋਕ ਸਵਾਰ ਸਨ।
ਇਸ ਬਾਰੇ ਦੱਸਦੇ ਹੋਏ ਥਾਣਾ ਕਰਤਾਰਪੁਰ ਦੇ ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੜਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪੁਜੇ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਨ੍ਹਾਂ ਦਾ ਇੱਕ ਸਾਥੀ ਗੰਭੀਰ ਜ਼ਖਮੀ ਹੋ ਗਿਆ ਹੈ।
ਜ਼ਖਮੀ ਮਜ਼ਦੂਰ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਮ੍ਰਿਤਕਾਂ ਦੀ ਪਛਾਣ ਬੱਚਨ, ਰਾਮ ਮਿਲਨ, ਦੁਰਗੇਸ਼ ਵਜੋਂ ਹੋਈ ਹੈ ਤੇ ਜ਼ਖਮੀ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪ੍ਰਵਾਸੀ ਮਜ਼ਦੂਰ ਇੱਕ ਰਾਈਸ ਮਿੱਲ 'ਚ ਕੰਮ ਕਰਦੇ ਸਨ। ਇਹ ਚਾਰੋ ਪ੍ਰਵਾਸੀ ਮਜ਼ਦੂਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਜਲੰਧਰ ਤੋਂ ਕਰਤਾਰਪੁਰ ਪਰਤ ਰਹੇ ਸਨ ਅਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।
ਏਐਸਆਈ ਨੇ ਦੱਸਿਆ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।