ਜਲੰਧਰ: ਜਲੰਧਰ ਦੇ ਮਕਸੂਦਾਂ ਇਲਾਕੇ ਦੀ ਜਿੰਦਾਂ ਰੋਡ ਵਿਖੇ ਇੱਕ ਘਰ ਅੱਜ ਕੱਲ੍ਹ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ। ਇਸ ਘਰ ਵਿੱਚ ਰਹਿੰਦਾ ਹੈ ਇੱਕ ਸਰੀਰਕ ਪੱਖੋਂ ਅਪਾਹਜ ਨੌਜਵਾਨ ਹਰਪ੍ਰੀਤ ਸਾਗਰ। ਹਰਪ੍ਰੀਤ ਨਾ ਤੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ ਅਤੇ ਨਾ ਹੀ ਉਹ ਆਪਣੇ ਹੱਥਾਂ ਨਾਲ ਕੋਈ ਵੱਡਾ ਕੰਮ ਕਰ ਸਕਦਾ ਹੈ। ਹੱਥ ਅਤੇ ਲੱਤਾਂ ਕੰਮ ਨਾ ਕਰਨ ਦੇ ਬਾਵਜੂਦ ਹਰਪ੍ਰੀਤ ਲੋਕਾਂ ਲਈ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਆਪਣਾ ਰੱਬ ਮੰਨਣ ਵਾਲਾ ਹਰਪ੍ਰੀਤ ਸਾਗਰ ਉਨ੍ਹਾਂ ਦੇ ਗਾਣਿਆਂ ਦੀ ਹੂ-ਬ-ਹੂ ਨਕਲ ਕਰ ਉਨ੍ਹਾਂ ਨੂੰ ਜਦ ਗਾਉਂਦਾ ਹੈ ਤਾਂ ਕੋਈ ਨਹੀਂ ਕਹਿ ਸਕਦਾ ਕਿ ਇਨ੍ਹਾਂ ਦੋਨਾਂ ਗਾਇਕਾਂ ਦੀ ਆਵਾਜ਼ ਵਿੱਚ ਕੋਈ ਫਰਕ ਹੋਵੇ।
ਘਰ 'ਚ ਪਿਆ ਹਾਰਮੋਨੀਅਮ ਖੁਦ ਹਰਪ੍ਰੀਤ ਨਹੀਂ ਵਜਾ ਸਕਦਾ ਪਰ ਇਸ ਕੰਮ ਵਿੱਚ ਉਨ੍ਹਾਂ ਦੇ ਪਿਤਾ ਜਰਨੈਲ ਸਿੰਘ ਉਨ੍ਹਾਂ ਦਾ ਸਾਥ ਦਿੰਦੇ ਹਨ। ਹਰਪ੍ਰੀਤ ਦੇ ਪਿਤਾ ਜੋ ਕਿ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਤੈਨਾਤ ਹਨ। ਹਰਪ੍ਰੀਤ ਦੀ ਪਛਾਣ ਹੁਣ ਸਾਗਰ ਸਰਤਾਜ ਵਜੋਂ ਹੋਣ ਲੱਗੀ ਹੈ। ਹਰ ਕੋਈ ਉਸ ਨੂੰ ਸਾਗਰ ਸਰਤਾਜ ਕਹਿ ਕੇ ਹੀ ਬਲਾਉਂਦਾ ਹੈ। ਇਸ ਸਬੰਧੀ ਸਾਗਰ ਦੀ ਇੱਕ ਦਿਲੀ ਇਛਾ ਹੈ ਕਿ ਉਹ ਸਤਿੰਦਰ ਸਰਤਾਜ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ।