ਜਲੰਧਰ: ਪੰਜਾਬ ਪੁਲਿਸ ਤੇ ਹੋਰ ਏਜੰਸੀਆਂ ਨੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਵੱਡੀ ਮਾਤਰਾ ਵਿੱਚ ਵਿਦੇਸ਼ੀ ਅਸਲੇ ਅਤੇ ਨਸ਼ੇ ਸਮਤੇ 6 ਗੈਂਗਸਟਰਾਂ ਨੂੰ ਕਾਬੂ ਕੀਤਾ ਸੀ। ਇਸ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਇਨ੍ਹਾਂ 'ਚੋਂ 4 ਗੈਂਗਸਟਰਾਂ ਦੇ ਸਬੰਧ ਸੁਲਤਾਨਪੁਰ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਜੋੜੇ ਗਏ। ਕਾਂਗਰਸੀ ਵਿਧਾਇਕ ਨਾਲ ਇਨ੍ਹਾਂ ਵਿੱਚੋਂ ਕੁਝ ਦੀਆਂ ਫੋਟੋਆਂ ਵੀ ਸਾਹਣਮੇ ਆਈਆਂ ਹਨ। ਇਨ੍ਹਾਂ ਚਾਰਾਂ ਵਿੱਚੋਂ 2 ਕਾਂਗਰਸ ਦੇ ਨੌਜਵਾਨ ਆਗੂ ਵੀ ਦੱਸੇ ਜਾ ਰਹੇ ਹਨ।
ਸੁਲਤਾਨਪੁਰ ਲੋਧੀ ਤੋਂ ਫੜ੍ਹੇ ਗਏ ਗੈਂਗਸਟਰਾਂ ਦੇ ਤਾਰ ਕਾਂਗਰਸੀ ਵਿਧਾਇਕ ਚੀਮਾ ਨਾਲ ਜੁੜੇ? - gangsters
ਸੁਲਤਾਨਪੁਰ ਲੋਧੀ ਨੇੜਿਓਂ ਫੜ੍ਹੇ ਗਏ ਗੈਂਗਸਟਰਾਂ ਦੇ ਸਬੰਧ ਇਲਾਕੇ ਦੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨਾਲ ਜੋੜੇ ਜਾ ਰਹੇ ਹਨ। ਅਕਾਲੀ ਆਗੂ ਸੱਜਣ ਸਿੰਘ ਚੀਮਾ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਹ ਦਾਅਵਾ ਕੀਤਾ ਹੈ।

ਇਸ ਬਾਰੇ ਗੱਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੱਜਣ ਸਿੰਘ ਚੀਮਾ ਨੇ ਨਵਤੇਜ ਚੀਮਾ 'ਤੇ ਇਨ੍ਹਾਂ ਗੈਂਗਸਟਰਾਂ ਨਾਲ ਨੇੜਲੇ ਸਬੰਧ ਹੋਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨਵਤੇਜ ਚੀਮਾ ਅਤੇ ਇਨ੍ਹਾਂ ਗੈਨਗਸਟਰਾਂ ਵਿੱਚਕਾਰ ਗੂੜ੍ਹੀ ਸਾਂਝ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਵਿਧਾਇਕ ਚੀਮਾ ਨੇ ਇਨ੍ਹਾਂ ਗੈਂਗਸਟਰਾਂ ਨੂੰ ਕਾਂਗਰਸ ਦੀਆਂ ਅਹੁਦੇਦਾਰੀਆਂ ਵੀ ਵੰਡੀਆਂ ਹਨ। ਸੱਜਣ ਚੀਮਾ ਨੇ ਕਿਹਾ ਵਿਧਾਇਕ ਦਾ ਇਨ੍ਹਾਂ ਗੈਂਗਸਟਰਾਂ ਦੇ ਸਿਰ ਉੱਤੇ ਪੂਰਾ ਹੱਥ ਸੀ।
ਸੱਜਣ ਸਿੰਘ ਨੇ ਮੁੱਖ ਮੰਤਰੀ ਤੋਂ ਇਸ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗੈਂਗਸਟਰਾਂ ਦੇ ਵਿਧਾਇਕ ਚੀਮਾ ਅਤੇ ਹੋਰ ਕਿਸ-ਕਿਸ ਨਾਲ ਸਬੰਧ ਬਾਰੇ ਮਾਮਲੇ ਦੀ ਨਿਰਪੱਖ ਜਾਂਚ ਜ਼ਰੂਰੀ ਹੈ।