ਜਲੰਧਰ: ਸ਼ਹਿਰ ਦੇ ਕਪੂਰਥਲਾ ਰੋਡ 'ਤੇ ਪੈਂਦੇ ਬਾਰੀਆਂ ਇਲਾਕੇ 'ਚ ਇੱਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁੱਤ ਬਣਿਆ ਕਪੁੱਤ, ਝਗੜੇ ਤੋਂ ਰੋਕਣ 'ਤੇ ਕੀਤਾ ਪਿਤਾ ਦਾ ਕਤਲ
ਜਲੰਧਰ ਦੇ ਬਾਰੀਆਂ ਇਲਾਕੇ 'ਚ ਇੱਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਿਤਾ ਮੁਲਜ਼ਮ ਤੇ ਉਸ ਦੇ ਛੋਟੇ ਭਰਾ ਵਿਚਾਲੇ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਨਾਗਪਾਲ ਵਜੋਂ ਹੋਈ ਹੈ। ਮ੍ਰਿਤਕ ਦੇ ਗੁਆਂਢੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਅਸ਼ਵਨੀ ਦਾ ਛੋਟਾ ਪੁੱਤਰ ਮਾਤਾ ਚਿੰਤਪੂਰਣੀ ਤੋਂ ਮੱਥਾ ਟੇਕ ਕੇ ਘਰ ਪਰਤਿਆ ਸੀ। ਕਿਸੇ ਗੱਲ ਨੂੰ ਲੈ ਕੇ ਦੋਹਾਂ ਭਰਾਵਾਂ ਵਿਚਾਲੇ ਬਹਿਸ ਹੋ ਗਈ। ਬਹਿਸ ਇਨੀਂ ਕੁ ਵੱਧ ਗਈ ਕਿ ਮੁਲਜ਼ਮ ਜਤਿਨ ਨੇ ਆਪਣੇ ਛੋਟੇ ਭਰਾ ਅਜੇ ਨਾਗਪਾਲ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਝਗੜਾ ਵੱਧਦਾ ਵੇਖ ਜਦ ਉਸ ਦੇ ਪਿਤਾ ਅਸ਼ਵਨੀ ਦੋਹਾਂ ਪੁੱਤਰਾਂ ਨੂੰ ਰੋਕਣ ਪੁੱਜੇ। ਇਸ ਦੌਰਾਨ ਜਤਿਨ ਨੇ ਆਪਣੇ ਹੀ ਪਿਤਾ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਅਸ਼ਵਨੀ ਤੇ ਅਜੇ ਨਾਗਪਾਲ ਗੰਭੀਰ ਜ਼ਖਮੀ ਹੋ ਗਏ। ਸ਼ੋਰ ਸੁਣ ਇਲਾਕਾ ਵਾਸੀ ਉਨ੍ਹਾਂ ਦੇ ਘਰ ਪੁੱਜੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਅਸ਼ਵਨੀ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਅਜੇ ਹੁਣ ਵੀ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਹੈ। ਗੁਆਂਢੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਇਸ ਦੌਰਾਨ ਮੌਕੇ 'ਤੇ ਕਾਰਵਾਈ ਕਰਨ ਪੁੱਜੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੰਭੀਰ ਜ਼ਖਮੀ ਹੋਣ ਕਾਰਨ ਅਸ਼ਵਨੀ ਕੁਮਾਰ ਦੀ ਮੌਤ ਹੋ ਗਈ। ਜਦੋਂ ਕਿ ਉਸ ਦੇ ਛੋਟੇ ਪੁੱਤਰ ਅਜੇ ਦੀ ਹਾਲਤ ਗੰਭੀਰ ਹੈ। ਘਟਨਾ ਤੋਂ ਬਾਅਦ ਮੁਲਜ਼ਮ ਜਤਿਨ ਘਰ 'ਚ ਹੀ ਲੁੱਕਿਆ ਹੋਇਆ ਸੀ, ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਮ੍ਰਿਤਕ ਦੀ ਪਤਨੀ ਤੇ ਗੁਆਂਢੀਆਂ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।