ਪੰਜਾਬ

punjab

ETV Bharat / city

'ਰੇਨ ਡਰੇਨ' ਨਹੀਂ 'ਰੇਨ ਰੀਚਾਰਜ' ਮਿਸ਼ਨ, ਦੇਸ਼ ਨੂੰ ਸੰਤ ਸੀਚੇਵਾਲ ਦਾ ਸਸਤਾ ਤੇ ਸਰਲ ਮਾਡਲ

ਕਾਲੀ ਵੇਈਂ ਨੂੰ ਸਾਫ਼ ਤੇ ਖੂਬਸੂਰਤ ਦਿੱਖ ਦੇਣ ਮਗਰੋਂ, ਸੰਤ ਸੀਚੇਵਾਲ ਨੇ ਆਪਣਾ ਅਗਲਾ ਮਿਸ਼ਨ 'ਗੰਦੇ ਪਾਣੀ ਦੀ ਮੁੜ ਵਰਤੋਂ' ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣਾ ਸੀ। ਇਸ ਤਹਿਤ ਪਾਣੀ ਨੂੰ ਇੱਕ ਤਲਾਬ ਵਿੱਚ ਇਕੱਠਾ ਕਰਨ ਤੋਂ ਪਹਿਲਾਂ ਖੂਹਾਂ ਜ਼ਰੀਏ ਕੁਝ ਹੱਦ ਤੱਕ ਸਾਫ਼ ਕੀਤਾ ਜਾਂਦਾ ਹੈ। ਯਾਨੀ ਦੇਸੀ ਤਰੀਕੇ ਨਾਲ ਪਾਣੀ ਨੂੰ ਟਰੀਟ ਕੀਤਾ ਜਾਂਦਾ ਹੈ। ਇਸ ਸਾਰੀ ਤਕਨੀਕ 'ਚ ਕਿਸੇ ਵੀ ਮਸ਼ੀਨਰੀ ਦੀ ਵਰਤੋਂ ਨਹੀਂ ਹੁੰਦੀ।

'ਰੇਨ ਡਰੇਨ' ਨਹੀਂ  'ਰੇਨ ਰੀਚਾਰਜ' ਮਿਸ਼ਨ, ਦੇਸ਼ ਨੂੰ ਸੰਤ ਸੀਚੇਵਾਲ ਦਾ ਸਸਤਾ ਤੇ ਸਰਲ ਮਾਡਲ
'ਰੇਨ ਡਰੇਨ' ਨਹੀਂ 'ਰੇਨ ਰੀਚਾਰਜ' ਮਿਸ਼ਨ, ਦੇਸ਼ ਨੂੰ ਸੰਤ ਸੀਚੇਵਾਲ ਦਾ ਸਸਤਾ ਤੇ ਸਰਲ ਮਾਡਲ

By

Published : Jul 31, 2020, 9:41 AM IST

ਕਪੂਰਥਲਾ: ਪੰਜਾਬ ਨੂੰ ਪੰਜਾਂ ਪਾਣੀਆਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ। ਇਤਿਹਾਸ ਗਵਾਹ ਹੈ ਕਦੇ ਇਸ ਧਰਤੀ 'ਤੇ 5 ਦਰਿਆ ਵਗਦੇ ਸਨ ਪਰ ਭਾਰਤ-ਪਾਕਿਸਤਾਨ ਦੀ ਵੰਡ ਨੇ ਪੰਜਾਬ ਦੇ ਪਾਣੀਆਂ ਨੂੰ ਵੀ ਵੰਡ ਕੇ ਰੱਖ ਦਿੱਤਾ। ਆਧੁਨਿਕਤਾ ਦੇ ਇਸ ਯੁਗ ਨੇ ਪੰਜਾਬ ਦੇ ਦਰਿਆਵਾਂ, ਨਹਿਰਾਂ ਦੇ ਪਾਣੀ ਨੂੰ ਪਲੀਤ ਕਰ ਦਿੱਤਾ ਹੈ। ਹੁਣ ਹਾਲਾਤ ਇਹ ਹਨ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ ਤੇ ਦਰਿਆਵਾਂ ਦੇ ਗੰਦੇ ਪਾਣੀ ਕਾਰਨ ਪੰਜਾਬ ਦੇ ਲੋਕ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ।

ਵੇਈਂ ਦੀ ਕਾਰ ਸੇਵਾ

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਭਾਵੇਂ ਸਰਕਾਰਾਂ ਨੇ ਕਦੇ ਸੰਜੀਦਗੀ ਨਹੀਂ ਦਿਖਾਈ ਪਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿਛਲੇ 20 ਸਾਲਾਂ ਦੀ ਮਿਹਨਤ ਨਾਲ ਦੇਸ਼ ਨੂੰ ਇੱਕ ਸਸਤਾ ਤੇ ਸਰਲ ਮਾਡਲ ਦਿੱਤਾ ਹੈ। ਲਗਭਗ 20 ਸਾਲ ਪਹਿਲਾ 15 ਜੁਲਾਈ ਸਾਲ 2000 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਪੂਰਥਲਾ ਵਿੱਚ ਪਵਿੱਤਰ ਵੇਈਂ ਨੂੰ ਸਾਫ਼ ਕਰਨ ਦੀ ਮੁਹਿੰਮ ਨੂੰ ਸ਼ੁਰੂ ਕੀਤਾ।

ਵੇਈਂ ਦੀ ਕਾਰ ਸੇਵਾ ਸੌਖੀ ਨਹੀਂ ਸੀ ਪਰ ਸੰਤ ਸੀਚੇਵਾਲ ਖ਼ੁਦ ਵੇਈਂ 'ਚ ਜੰਗਲੀ ਬੂਟੀ ਨੂੰ ਬਾਹਰ ਕੱਢਣ ਲਈ ਉੱਤਰੇ। ਉਨ੍ਹਾਂ ਨੂੰ ਸਫਾਈ ਕਰਦਾ ਵੇਖ ਦਰਜਨਾਂ ਪਿੰਡਾਂ ਦੀਆਂ ਸੰਗਤਾਂ ਨੇ ਸੀਚੇਵਾਲ ਦੀ ਇਸ ਮੁਹਿੰਮ ਨੂੰ ਆਪਣੀ ਮੁਹਿੰਮ ਬਣਾ ਲਿਆ। ਕਾਲੀ ਵੇਈਂ ਨੂੰ ਸਾਫ਼ ਤੇ ਖੂਬਸੂਰਤ ਦਿੱਖ ਦੇਣ ਮਗਰੋਂ, ਸੰਤ ਸੀਚੇਵਾਲ ਨੇ ਆਪਣਾ ਅਗਲਾ ਮਿਸ਼ਨ 'ਗੰਦੇ ਪਾਣੀ ਦੀ ਮੁੜ ਵਰਤੋਂ' ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣਾ ਸੀ।

'ਰੇਨ ਡਰੇਨ' ਨਹੀਂ 'ਰੇਨ ਰੀਚਾਰਜ' ਮਿਸ਼ਨ

'ਰੇਨ ਡਰੇਨ' ਨਹੀਂ 'ਰੇਨ ਰੀਚਾਰਜ' ਮਿਸ਼ਨ

ਸੰਤ ਸੀਚੇਵਾਲ ਨੇ ਸੁਲਤਾਨਪੁਰ ਲੋਧੀ ਦੀ ਡਰੇਨ ਨੂੰ ਰੇਤੇ ਤੱਕ ਖੁਦਾਈ ਕੀਤੀ ਤੇ ਮੀਂਹ ਦੇ ਪਾਣੀ ਨੂੰ ਉਸ ਜ਼ਰੀਏ ਧਰਤੀ ਹੇਠਾਂ ਪਾਉਣ ਦਾ ਮਾਡਲ ਪੰਜਾਬ ਅੱਗੇ ਰੱਖਿਆ। ਇਹ ਉਹ ਮਾਡਲ ਸੀ, ਜਿਸ ਰਾਹੀਂ ਮੀਂਹ ਦਾ ਪਾਣੀ ਧਰਤੀ ਹੇਠਾਂ ਰੀਚਾਰਜ ਹੋ ਜਾਂਦਾ ਹੈ। ਸੰਤ ਬਲਬੀਰ ਸਿੰਘ ਨੇ ਆਪਣੇ ਪਿੰਡ ਸੀਚੇਵਾਲ ਤੋਂ ਇਸ ਮੁਹਿੰਮ ਨੂੰ ਸ਼ੁਰੂ ਕੀਤਾ। ਇਸ 'ਚ ਪਾਣੀ ਨੂੰ ਇੱਕ ਤਲਾਬ ਵਿੱਚ ਇਕੱਠਾ ਕਰਨ ਤੋਂ ਪਹਿਲਾਂ ਖੂਹਾਂ ਜ਼ਰੀਏ ਕੁਝ ਹੱਦ ਤੱਕ ਸਾਫ਼ ਕੀਤਾ ਜਾਂਦਾ ਹੈ। ਯਾਨੀ ਦੇਸੀ ਤਰੀਕੇ ਨਾਲ ਪਾਣੀ ਨੂੰ ਟਰੀਟ ਕੀਤਾ ਜਾਂਦਾ ਹੈ। ਇਸ ਸਾਰੀ ਤਕਨੀਕ 'ਚ ਕਿਸੇ ਵੀ ਮਸ਼ੀਨਰੀ ਦੀ ਵਰਤੋਂ ਨਹੀਂ ਹੁੰਦੀ।

ਏਪੀਜੇਅਬਦੁਲ ਕਲਾਮ ਨੇ ਕੀਤੀ ਸੀ ਤਾਰੀਫ਼

17 ਅਗਸਤ 2006 'ਚ ਤਤਕਾਲੀ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਖ਼ੁਦ ਸੀਚੇਵਾਲ ਦਾ ਮਾਡਲ ਦੇਖਣ ਆਏ ਸਨ। ਉਨ੍ਹਾਂ ਕਾਲੀ ਵੇਈਂ ਨੂੰ ਸਾਫ਼ ਕਰਨ ਤੇ ਪਾਣੀ ਦੀ ਸੰਭਾਲ ਨੂੰ ਨੋਬਲ ਕਾਰਜ ਦੱਸਿਆ ਸੀ। ਇਸ ਤੋਂ ਇਲਾਵਾ ਸੰਤ ਸੀਚੇਵਾਲ ਦੇ ਮਾਡਲ ਨੂੰ ਦੇਖਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਸੀਚੇਵਾਲ ਦਾ ਗੇੜਾ ਲਾ ਚੁੱਕੇ ਹਨ।

ਸਰਕਾਰਾਂ ਲਈ ਉਦਾਹਰਣ

ਸੰਤ ਸੀਚੇਵਾਲ ਨੇ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਸਫ਼ਾਈ ਕੀਤੀ, ਪਾਣੀਆਂ ਦੀ ਸਫਾਈ ਲਈ ਸ਼ੁਰੂ ਕੀਤਾ ਗਿਆ ਉਨ੍ਹਾ ਦਾ ਅੰਦੋਲਨ ਸਫਲਤਾ ਨਾਲ ਚੱਲ ਰਿਹਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਦਾ ਮਾਡਲ ਸਰਕਾਰਾਂ ਲਈ ਉਦਾਹਰਣ ਹੈ ਕਿ ਜੇਕਰ ਸੰਤ ਬਲਬੀਰ ਸਿੰਘ ਸੀਚੇਵਾਲ, ਸੰਗਤ ਦੇ ਸਹਿਯੋਗ ਨਾਲ ਵਿਸ਼ਵ ਪ੍ਰਸਿੱਧ ਮਾਡਲ ਨੂੰ ਅਮਲੀਜਾਮਾ ਪਹਿਨਾ ਸਕਦੇ ਹਨ ਤਾਂ ਕਰੋੜਾਂ ਰੁਪਏ ਦੇ ਬਜਟ ਵਾਲੀਆਂ ਸਰਕਾਰਾਂ ਅਜਿਹੇ ਸਰਲ ਤੇ ਸਸਤੇ ਮਾਡਲਾਂ ਨੂੰ ਕਿਉਂ ਨਹੀਂ ਅਪਣਾਉਂਦੀਆਂ।

ABOUT THE AUTHOR

...view details