ਜਲੰਧਰ : ਬੀਜ ਘੁਟਾਲੇ ਨੂੰ ਲੈ ਕੇ ਕਿਸਾਨਾਂ ਨੇ ਆਪਣੀ ਦੁੱਖ ਭਰੀ ਦਾਸਤਾਂ ਸੁਣਾਉਣੀ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦੇ ਜਮਸ਼ੇਰ ਇਲਾਕੇ ਵਿੱਚ ਨਕਲੀ ਬੀਜ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿੱਜੀ ਦੁਕਾਨਦਾਰਾਂ ਵੱਲੋਂ ਨਕਲੀ ਬੀਜ ਵੇਚੇ ਜਾਣ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਰੋਸ ਹੈ।
ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਆਸ ਮੌਜੂਦਾ ਸਰਕਾਰ ਤੋਂ ਹੁੰਦੀ ਹੈ ਪਰ ਮੌਜੂਦਾ ਸਰਕਾਰ ਵੇਲੇ ਹੀ ਬੀਜ ਘੁਟਾਲਾ ਹੋ ਰਿਹਾ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਖੇਤੀਬਾੜੀ ਵਿਭਾਗ ਤੋਂ ਬੀਜ ਲੈਣ ਪੁੱਜੇ ਤਾਂ ਉਨ੍ਹਾਂ ਨੂੰ ਬੀਜ ਨਹੀਂ ਮਿਲੇ ਤੇ ਨਵੇਂ ਬੀਜ ਮਹਿੰਗੀ ਕੀਮਤ 'ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਵੇਚੇ ਗਏ।
ਜਲੰਧਰ 'ਚ ਨਕਲੀ ਬੀਜ ਵੇਚਣ ਦਾ ਮਾਮਲਾ, ਕਿਸਾਨਾਂ 'ਚ ਭਾਰੀ ਰੋਸ ਪਿੰਡ ਜਮਸ਼ੇਰ ਦੇ ਕਿਸਾਨ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਨਵੀਂ ਫ਼ਸਲ ਦੀ ਬਿਜਾਈ ਦਾ ਸਮਾਂ ਹੁੰਦਾ ਹੈ ਤਾਂ ਹਰ ਕਿਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਵਧੀਆ ਬੀਜ ਲਵੇ ਤਾਂ ਜੋ ਵਧੀਆ ਫਸਲ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜੋ ਬੀਜ ਉਨ੍ਹਾਂ ਨੂੰ ਮੁਹੱਇਆ ਕਰਵਾਏ ਗਏ ਹਨ, ਉਹ ਬੀਜ ਨਾਂ ਤਾ ਬੀਜਣ ਯੋਗ ਹਨ ਤੇ ਨਾਂ ਹੀ ਵਧੀਆ ਕਿਸਮ ਦੇ ਹਨ।
ਕਿਸਾਨ ਨੇ ਕਿਹਾ ਕਿ ਜਦੋਂ ਪਿੰਡ ਦੇ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨਾਲ ਨਵੇਂ ਬੀਜਾਂ ਲਈ ਸੰਪਰਕ ਕੀਤਾ ਸੀ ਤਾਂ ਖੇਤੀਬਾੜੀ ਵਿਭਾਗ ਵੱਲੋਂ ਬੀਜ ਖ਼ਤਮ ਹੋਣ ਦੀ ਗੱਲ ਆਖੀ ਗਈ। ਜਿਸ ਤੋਂ ਬਾਅਦ ਇਹ ਪਤਾ ਲੱਗਾ ਇਹ ਬੀਜ ਪ੍ਰਾਈਵੇਟ ਦੁਕਾਨਾਂ ਉੱਤੇ ਮਹਿੰਗੇ ਰੇਟ 'ਤੇ ਵੇਚੇ ਜਾ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਫਸਲ ਪੱਕ ਕੇ ਮੰਡੀ ਵਿੱਚ ਜਾਂਦੀ ਹੈ ਤਾਂ ਸਰਕਾਰ ਸਾਡੀ ਫ਼ਸਲ ਨਹੀਂ ਖਰੀਦੇਗੀ। ਇਸ ਦੇ ਚਲਦਿਆਂ ਕਿਸਾਨਾਂ ਨੇ ਮੰਗ ਕੀਤੀ ਜੇਕਰ ਸਰਕਾਰੀ ਏਜੰਸੀਆਂ ਸਾਡੀ ਫ਼ਸਲ ਖਰੀਦਦੀਆਂ ਹੈ ਤਾਂ ਬੀਜ ਵੀ ਸਰਕਾਰੀ ਏਜੰਸੀਆਂ ਤੋਂ ਹੀ ਮੁਹੱਈਆ ਕਰਵਾਏ ਜਾਣ।