ਜਲੰਧਰ: ਸਥਾਨਕ ਥਾਣਾ 1 ਦੇ ਅਧੀਨ ਪੈਂਦੇ ਇਲਾਕੇ 'ਚ 2 ਬਾਈਕ ਸਵਾਰ ਨੌਜਵਾਨਾਂ ਨੇ 15 ਦਿਨ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ। ਪੁਲਿਸ ਨੇ ਇਸ ਦੀ ਇਤਲਾਹ ਮਿਲਦੇ ਹੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਦੇ ਚਲਦੇ ਸਿਰਫ਼ 24 ਘੰਟੇ 'ਚ ਬੱਚੇ ਨੂੰ ਰਿਕਵਰ ਕਰ ਉਸ ਦੇ ਪਰਿਵਾਰ ਵਾਲੀਆਂ ਨੂੰ ਸੌਂਪ ਦਿੱਤਾ ਹੈ।
ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਸਾਢੇ 9 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਈਕ ਸਵਾਰ 2 ਨੌਜਵਾਨ ਫੇਅਰ ਫਾਰਮ ਦੇ ਨਜ਼ਦੀਕ ਤੋਂ ਇੱਕ 10 ਸਾਲ ਦੀ ਬੱਚੀ ਰੇਸ਼ਮੀ ਦੇ ਕੋਲੋਂ 15 ਦਿਨ ਦੇ ਬੱਚੇ ਨੂੰ ਖੋਹ ਕੇ ਫ਼ਰਾਰ ਹੋ ਗਏ ਹਨ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਮਹਿਲਾਵਾਂ ਨੂੰ ਬਠਿੰਡਾ ਤੋਂ ਗ੍ਰਿਫਤਾਰ ਕਰ, ਉਨ੍ਹਾਂ ਦੇ ਕੋਲੋਂ ਬੱਚੇ ਨੂੰ ਬਰਾਮਦ ਕਰ ਲਿਆ ਹੈ।
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਕਪੂਰਥਲਾ ਦੀ ਰਾਜਵਿੰਦਰ ਕੌਰ ਉਰਫ਼ ਜੋਤੀ ਨੇ ਆਪਣੇ ਸਾਥੀਆਂ ਨਾਲ ਰਲ ਕੇ ਬੱਚੇ ਨੂੰ ਅਗਵਾ ਕੀਤਾ ਸੀ। ਪੁਲਿਸ ਨੇ ਤੁਰੰਤ ਹੀ ਇੱਕ ਸਪੈਸ਼ਲ ਟੀਮ ਤਿਆਰ ਕਰ ਬੱਚੇ ਨੂੰ ਬਠਿੰਡਾ ਤੋਂ ਬਰਾਮਦ ਕਰ ਲਿਆ ਅਤੇ ਆਰੋਪੀ ਮਹਿਲਾ ਮਨਜੀਤ ਕੌਰ ਉਰਫ ਮੰਜੂ, ਬਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਅਗਵਾ ਹੋਏ ਬੱਚੇ ਸ਼ਿਵਾ ਨੂੰ ਉਸ ਦੇ ਪਰਿਜਨਾਂ ਨੂੰ ਸੌਂਪ ਦਿੱਤਾ ਹੈ। ਪੁਲਿਸ ਨੇ ਆਰੋਪੀਆਂ ਤਿਲਕ ਰਾਜ ਪੁੱਤਰ ਅਮਰ ਚੰਦ ਰਾਜਵਿੰਦਰ ਕੌਰ ਉਰਫ ਜੋਤੀ ਪਤਨੀ ਤਿਲਕ ਰਾਜ ਦੋਨੋਂ ਨਿਵਾਸੀ ਪਿੰਡ ਕੋਟ ਕਰਾਰ ਖਾਂ ਜ਼ਿਲ੍ਹਾ ਕਪੂਰਥਲਾ, ਸੁਖਰਾਜ ਸਿੰਘ ਪੁੱਤਰ ਗੁਲਰਾਜ ਸਿੰਘ ਨਿਵਾਸੀ ਪਿੰਡ ਭਾਗੂ ਥਾਣਾ ਕੈਂਟ ਜ਼ਿਲ੍ਹਾ ਬਠਿੰਡਾ ਅਤੇ ਬਲਜਿੰਦਰ ਕੌਰ ਨਿਵਾਸੀ ਮੁਕਤਸਰ ਸਾਹਿਬ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ ।