ਜਲੰਧਰ: ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ 'ਚ ਲਗਾਤਾਰ ਕਿਸਾਨ ਵੱਲੋਂ ਸੰਘਰਸ਼ ਜਾਰੀ ਹੈ। ਉਥੇ ਹੀ ਪੰਜਾਬ ਵਿੱਚ ਵੀ ਕਿਸਾਨ ਅੰਦੋਲਨ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸੇ ਕੜੀ 'ਚ ਫਿਲੌਰ ਦੇ ਪਿੰਡ ਬੋਪਾਰਾਏ ਦੇ ਲੋਕਾਂ ਨੇ ਜੀਓ ਸਿਮ ਦਾ ਬਾਈਕਾਟ ਕੀਤਾ ਹੈ।
ਕਿਸਾਨ ਅੰਦੋਲਨ ਦੇ ਹੱਕ 'ਚ ਪਿੰਡ ਬੋਪਾਰਾਏ ਦੇ ਲੋਕਾਂ ਨੇ ਜੀਓ ਸਿਮ ਕੀਤਾ ਬਾਈਕਾਟ
ਖੇਤੀ ਕਾਨੂੰਨਾਂ ਨੂੰ ਲੈ ਕੇ ਜਿਥੇ ਇੱਕ ਪਾਸੇ ਦਿੱਲੀ ਵਿਖੇ ਕਿਸਾਨ ਅੰਦੋਲਨ ਜਾਰੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ 'ਚ ਵੀ ਲੋਕਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਜਾਰੀ ਹੈ।ਇਸ ਕੜੀ 'ਚ ਫਿਲੌਰ ਦੇ ਪਿੰਡ ਬੋਪਾਰਾਏ ਦੇ ਲੋਕਾਂ ਨੇ ਜੀਓ ਸਿਮ ਦਾ ਬਾਈਕਾਟ ਕੀਤਾ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਪਾਸ ਕੀਤੇ ਹਨ। ਜਿਸ ਨਾਲ ਮਹਿਜ਼ ਕਿਸਾਨ ਹੀ ਨਹੀਂ ਸਗੋਂ ਆਮ ਲੋਕ ਵੀ ਮਹਿੰਗਾਈ ਤੇ ਕਰਜ਼ੇ ਹੇਠ ਆ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਭਰ 'ਚ ਮਹਿਜ਼ ਕਾਰਪੋਰੇਟ ਘਰਾਣਿਆਂ ਨੂੰ ਹੀ ਅਨਾਜ਼ ਆਦਿ ਵੇਚਣ ਦਾ ਹੱਕ ਦੇ ਦਿੱਤਾ ਜਾਵੇਗਾ ਤਾਂ ਆਮ ਤੇ ਗਰੀਬੀ ਰੇਖਾ ਹੇਠ ਰਹਿਣ ਵਾਲੇ ਲੋਕ ਰੋਟੀ ਤੋਂ ਵਾਂਝੇ ਰਹਿ ਜਾਣਗੇ।
ਉਨ੍ਹਾਂ ਕਿਹਾ ਕਿ ਉਹ ਕਿਸਾਨ ਅੰਦੋਲਨ ਦੇ ਹੱਕ 'ਚ ਅੰਬਾਨੀ ਗਰੁੱਪ ਦੇ ਸਿਮ ਕੁਨੈਕਸ਼ਨ ਜੀਓ ਦਾ ਬਾਈਕਾਟ ਕਰ ਰਹੇ ਹਨ। ਇਥੇ ਵੱਡੀ ਗਿਣਤੀ 'ਚ ਪਿੰਡ ਦੇ ਲੋਕਾਂ ਨੇ ਜੀਓ ਸਿਮ ਪੋਰਟ ਕਰਵਾ ਕੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਕੋਲੋਂ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ।