ਜਲੰਧਰ:ਪੰਜਾਬ ਦੇ ਦੋਆਬਾ ਇਲਾਕੇ ਵਿੱਚ ਅੱਜ ਯਾਨੀ 14 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ, ਪੰਜਾਬ ਸਰਕਾਰ ਵੱਲੋਂ ਇਥੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਅੱਜ ਤੋਂ ਇਹ ਬਿਜਾਈ ਸ਼ੁਰੂ ਹੋਣੀ ਸੀ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਅਜੇ ਕਈ ਦਿਨ ਹੋਰ ਲੱਗ ਜਾਣਗੇ, ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਲਈ ਪਨੀਰੀ ਤਾਂ ਸਮੇਂ ਉੱਪਰ ਲਗਾ ਲਈ ਗਈ ਸੀ ਅਤੇ ਅੱਜ ਇਹ ਪਨੀਰੀ ਪੂਰੀ ਤਰ੍ਹਾਂ ਤਿਆਰ ਵੀ ਹੋ ਚੁੱਕੀ ਹੈ ਪਰ ਕਿਸਾਨਾਂ ਨੂੰ ਖੇਤਾਂ ਵਿੱਚ ਝੋਨਾ ਲਵਾਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਮੇਂ ਸਿਰ ਬਿਜਲੀ ਕਰਕੇ ਨਹੀਂ ਚੱਲੀਆਂ ਮੋਟਰਾਂ:ਜਲੰਧਰ ਦੇ ਐਲਾਨੀ ਪੱਟੀ ਇਲਾਕੇ ਵਿਚ ਅੱਜ ਸਾਡੇ ਸਹਿਯੋਗ ਨੇ ਕੁਝ ਕਿਸਾਨਾਂ ਨਾਲ ਗੱਲ ਕੀਤੀ ਤਾਂ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅੱਜ ਦੀ ਤਰੀਕ ਦਾ ਮੁਕੱਰਰ ਕਰ ਦਿੱਤੀ ਗਈ ਸੀ ਪਰ ਜੇਕਰ ਝੋਨਾ ਅੱਜ ਤੋਂ ਲਾਹੁਣਾ ਸ਼ੁਰੂ ਕਰਨਾ ਸੀ ਤਾਂ ਬਿਜਲੀ ਘੱਟ ਤੋਂ ਘੱਟ ਦੋ ਦਿਨ ਪਹਿਲਾਂ ਦੇਣੀ ਚਾਹੀਦੀ ਸੀ ਤਾਂ ਕਿ ਅੱਜ ਕਿਸਾਨਾਂ ਦੇ ਖੇਤ ਚ ਝੋਨਾ ਲਗਾਉਣ ਲਈ ਤਿਆਰ ਹੁੰਦੇ, ਕਿਸਾਨਾਂ ਮੁਤਾਬਕ ਅੱਜ ਪਹਿਲੇ ਦਿਨ ਸਰਕਾਰ ਵੱਲੋਂ ਬਿਜਲੀ ਦੀ ਸਪਲਾਈ ਦਿੱਤੀ ਗਈ ਹੈ ਜਿਸ ਵਿਚ ਵੀ ਦੋ ਘੰਟੇ ਦਾ ਕੱਟ ਲਗਾ ਦਿੱਤਾ ਗਿਆ। ਕਿਸਾਨਾਂ ਮੁਤਾਬਕ ਜੇ ਹੁਣ ਇਨ੍ਹਾਂ ਦਿਨਾਂ ਵਿੱਚ ਝੋਨਾ ਲਗਾਉਣਾ ਹੋਵੇ ਤਾਂ ਇਹ ਸਮੇਂ ਬਾਰਿਸ਼ ਬਹੁਤ ਜ਼ਰੂਰੀ ਹੈ।
ਝੋਨਾ ਲਗਾਉਣ ਲਈ ਲੇਬਰ ਦੀ ਤੰਗੀ: ਕਿਸਾਨਾਂ ਮੁਤਾਬਕ ਅੱਜ ਦੀ ਤਰੀਕ ਤੋਂ ਦੋਆਬਾ ਇਲਾਕੇ ਵਿਚ ਝੋਨਾ ਲੱਗਣਾ ਸ਼ੁਰੂ ਹੋਣਾ ਸੀ ਲੇਕਿਨ ਅਜੇ ਤੱਕ ਝੋਨਾ ਲਗਾਉਣ ਲਈ ਲੇਬਰ ਨਹੀਂ ਮਿਲ ਰਹੀ। ਉਨ੍ਹਾਂ ਮੁਤਾਬਕ ਜੋ ਲੇਬਰ ਆਈ ਵੀ ਹੈ ਉਹ ਵੀ ਪੈਂਤੀ ਸੌ ਰੁਪਏ ਤੋਂ ਲੈ ਕੇ ਪੰਜ ਹਜਾਰ ਰੁਪਏ ਤੱਕ ਲਵਾਈ ਮੰਗ ਰਹੀ ਹੈ। ਕਿਸਾਨਾਂ ਮੁਤਾਬਕ ਇਕ ਪਾਸੇ ਝੋਨੇ ਦੀ ਲੇਟ ਬਿਜਾਈ ਅਤੇ ਉਪਰੋਕਤ ਇੰਨੀ ਮਹਿੰਗੀ ਲੇਬਰ ਕਿਤੇ ਨਾ ਕਿਤੇ ਕਿਸਾਨਾਂ ਲਈ ਇੱਕ ਵੱਡੀ ਮੁਸ਼ਕਿਲ ਹੱਲ ਕਰ ਰਹੀ ਹੈ ਕਿਉਂਕਿ ਜੇਕਰ ਇਸੇ ਤਰ੍ਹਾਂ ਲੇਬਰ ਨਾ ਮਿਲੀ ਤਾਂ ਬਿਜਾਈ ਨੂੰ ਕਾਫੀ ਦੇਰੀ ਹੋ ਜਾਵੇਗੀ।
ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਸਰਕਾਰ: ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨਾ ਲਵਾਉਣ ਲਈ ਅੱਠ ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਗਿਆ ਸੀ ਲੇਕਿਨ ਅਜੇ ਵੀ ਲੱਗ ਰਹੇ ਕੱਟ ਇਹ ਸਾਬਤ ਕਰਦੇ ਨੇ ਕਿ ਕਿਤੇ ਨਾ ਕਿਤੇ ਸਰਕਾਰ ਆਪਣੇ ਹੋਮਵਰਕ ਨੂੰ ਸਹੀ ਢੰਗ ਨਾਲ ਨਹੀਂ ਕਰ ਪਾਈ।