ਜਲੰਧਰ: ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਜਿੱਥੇ ਇੱਕ ਪਾਸੇ ਆਕਸੀਜਨ ਤੇ ਵੈਂਟੀਲੇਟਰ ਦੀ ਸਪਲਾਈ ਨੂੰ ਲੈ ਕੇ ਪ੍ਰਸ਼ਾਸਨ ਫਿਕਰਾਂ 'ਚ ਪਿਆ ਹੈ, ਉੱਥੇ ਹੀ ਜਲੰਧਰ ਸ਼ਹਿਰ ਦੇ ਹਸਪਤਾਲਾਂ 'ਚ ਆਕਸੀਜਨ ਦੀ ਸਪਲਾਈ ਲਈ ਸਾਰੇ ਪ੍ਰਬੰਧ ਮੁਕਮਲ ਹਨ। ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਅਜਿਹਾ ਕਿਹਾ ਜਾ ਰਿਹਾ ਹੈ ਕਿ ਆਕਸੀਜਨ ਸਿਲੰਡਰਾਂ ਦੀ ਘਾਟ ਹੋ ਸਕਦੀ ਹੈ ਜਾਂ ਫਿਰ ਇਨ੍ਹਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਈਟੀਵੀ ਭਾਰਤ ਦੀ ਟੀਮ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਬਜ਼ਾਰ 'ਚ ਆਕਸੀਜਨ ਸਿਲੰਡਰਾਂ ਦੀ ਘਾਟ ਚੱਲ ਰਹੀ ਹੈ ਤੇ ਇਸ ਦੀ ਕੀਮਤਾਂ 'ਚ ਕਿੰਨ੍ਹਾਂ ਕੁ ਵਾਧਾ ਹੋਇਆ ਹੈ।
ਨਹੀਂ ਪ੍ਰਭਾਵਤ ਹੋਵੇਗੀ ਆਕਸੀਜਨ ਸਿਲੰਡਰਾਂ ਦੀ ਸਪਲਾਈ
ਅਕਸੀਜਨ ਸਿਲੰਡਰਾਂ ਲਈ ਚੁਕਾਣੀ ਪੈ ਰਹੀ ਹੈ ਵਾਧੂ ਕੀਮਤ
ਦੇਸ਼ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਇਸ ਦੌਰਾਨ ਹਸਪਤਾਲਾਂ ਤੇ ਪ੍ਰਸ਼ਾਸਨ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਵੈਂਟੀਲੇਟਰ ਤੇ ਆਕਸਜੀਨ ਸਿਲੰਡਰਾਂ ਦੀ ਮੰਗ ਵੱਧ ਗਈ ਹੈ। ਇਸ ਬਾਰੇ ਜਲੰਧਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਡਾ.ਨਵਜੋਤ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਆਕਸੀਜਨ ਸਿਲੰਡਰਾਂ ਦੀ ਮੰਗ ਵੱਧ ਗਈ ਹੈ। ਇਸ ਦੌਰਾਨ ਹਸਪਤਾਲਾਂ 'ਚ ਆਕਸਜੀਨ ਸਿਲੰਡਰ ਸਪਲਾਈ ਕਰਨ ਵਾਲੀ ਕਈ ਕੰਪਨੀਆਂ ਤੇ ਗੈਸ ਪਲਾਂਟ ਆਪਣੇ ਮੁਤਾਬਕ ਰੇਟ ਵੱਧਾ ਕੇ ਇਸ ਨੂੰ ਵੇਚ ਰਹੇ ਹਨ। ਇਸ ਕਾਰਨ ਹਸਪਤਾਲ ਨੂੰ ਆਕਸੀਜਨ ਸਿਲੰਡਰਾਂ ਲਈ ਵਾਧੂ ਕੀਮਤ ਚੁਕਾਣੀ ਪੈ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੇਸ਼ੱਕ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਪਰ ਠੀਕ ਹੋਣ ਵਾਲਿਆਂ ਦੀ ਦਰ 50 ਫੀਸਦੀ ਤੋਂ ਵੱਧ ਹੋਣ ਕਾਰਨ ਵੈਂਟੀਲੇਟਰ ਤੇ ਆਕਸੀਜਨ ਸਿਲੰਡਰਾਂ ਦੀ ਵਰਤੋਂ ਘੱਟ ਹੋ ਰਹੀ ਹੈ। ਡਾ. ਨਵਜੋਤ ਨੇ ਕਿਹਾ ਕਿ ਆਕਸੀਜਨ ਸਿਲੰਡਰ ਦੀ ਵਰਤੋਂ ਬੇਹਦ ਗੰਭੀਰ ਹਾਲਤ ਦੇ ਮਰੀਜ਼ਾਂ ਲਈ ਕੀਤੀ ਜਾ ਰਹੀ ਹੈ। ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਆਕਸੀਜਨ ਦੀ ਵਰਤੋਂ ਘੱਟ ਗਈ ਹੈ।
ਸ਼ਹਿਰ ਦੇ ਕਈ ਹਸਪਤਾਲਾਂ 'ਚ ਆਕਸੀਜਨ ਸਿਲੰਡਰਾਂ ਦੀ ਸਪਲਾਈ ਕਰਨ ਵਾਲੇ ਡਿਸਟੀਬਿਊਟਰ ਸ਼ਿਵਮ ਗੋਇਲ ਨੇ ਵੀ ਬਜ਼ਾਰ 'ਚ ਆਕਸੀਜਨ ਸਿਲੰਡਰਾਂ ਦੀ ਵਿਕ੍ਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼ਿਵਮ ਨੇ ਦੱਸਿਆ ਕਿ ਉਹ ਗੈਸ ਪਲਾਂਟ ਚਲਾਉਂਦੇ ਹਨ। ਉਨ੍ਹਾਂ ਦੇ ਗੈਸ ਪਲਾਂਟ ਤੋਂ ਕੋਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਹਸਪਤਾਲਾਂ 'ਚ ਆਕਸੀਜਨ ਸਪਲਾਈ ਜਾਰੀ ਹੈ। ਉਨ੍ਹਾਂ ਦੇ ਮੁਤਾਬਕ ਮੌਜੂਦਾ ਸਮੇਂ 'ਚ ਆਕਸੀਜਨ ਸਿਲੰਡਰ ਦੀ ਮੰਗ ਅਜੇ ਵੀ ਉਨ੍ਹੀਂ ਹੀ ਹੈ ਜਿੰਨ੍ਹੀ ਕੁ ਪਿਛਲੇ ਸਾਲ 'ਚ ਸੀ। ਇਸ ਕਾਰਨ ਕੀਮਤਾਂ 'ਚ ਵੀ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਹੋਇਆ।
ਨਹੀਂ ਪ੍ਰਭਾਵਤ ਹੋਵੇਗੀ ਸਪਲਾਈ
ਆਕਸੀਜਨ ਸਿਲੰਡਰਾਂ ਦੀ ਸਪਲਾਈ ਕਰਨ ਵਾਲੇ ਡਿਸਟੀਬਿਊਟਰਾਂ ਮੁਤਾਬਕ ਅਜਿਹਾ ਕਿਹਾ ਜਾ ਸਕਦਾ ਹੈ ਕਿ ਜਿੱਥੇ ਸੂਬੇ 'ਚ ਇੱਕ ਪਾਸੇ ਕੋਰੋਨਾ ਪੀੜਤਾਂ ਦਾ ਅੰਕੜਾ ਵੱਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਸ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਇਸ ਲਈ ਆਕਸੀਜਨ ਸਿਲੰਡਰਾਂ ਦੀ ਮੰਗ ਤੇ ਇਨ੍ਹਾਂ ਦੀਆਂ ਕੀਮਤਾਂ 'ਤੇ ਕੋਈ ਵੱਡਾ ਪ੍ਰਭਾਵ ਨਹੀਂ ਪਿਆ।