ਜਲੰਧਰ: ਸ਼ਹਿਰ ਦੇ ਗੋਬਿੰਦਗੜ੍ਹ ਮੁਹੱਲੇ ਦੇ ਰਹਿਣ ਵਾਲੇ ਜਤਿਨ ਦੇ ਕ੍ਰੈਡਿਟ ਕਾਰਡ ਤੋਂ 1.5 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਤੋਂ ਬਾਅਦ ਜਤਿਨ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਇਸ ਸੰਬਧੀ ਸ਼ਿਕਾਇਤ ਦਰਜ ਕਰਵਾਈ ਹੈ।
ਕ੍ਰੈਡਿਟ ਕਾਰਡ ਦੇ ਨਾਂਅ 'ਤੇ ਨੌਜਵਾਨ ਨਾਲ ਹੋਈ 1.5 ਲੱਖ ਦੀ ਠੱਗੀ - ਜਲੰਧਰ ਕ੍ਰਾਇਮ ਨਿਊਜ਼
ਜਿਥੇ ਇੱਕ ਪਾਸੇ ਲੋਕ ਡਿਜੀਟਲ ਭੁਗਤਾਨ ਨੂੰ ਅਪਣਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਅਪਰਾਧੀ ਇਨ੍ਹਾਂ ਸਹੂਲਤਾਂ ਦਾ ਗ਼ਲਤ ਇਸਤੇਮਾਲ ਕਰ ਸਾਈਬਰ ਕ੍ਰਾਈਮ, ਆਨਲਾਈਨ ਠੱਗੀ ਨੂੰ ਅੰਜਾਮ ਦੇ ਰਹੇ ਹਨ। ਜਲੰਧਰ ਵਿਖੇ ਇੱਕ ਨੌਜਵਾਨ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ। ਪੀੜਤ ਨੌਜਵਾਨ ਜਤਿਨ ਨੇ ਦੱਸਿਆ ਕਿ ਅਣਪਛਾਤੇ ਠੱਗਾਂ ਵੱਲੋਂ ਉਸ ਨੂੰ ਕ੍ਰੈਡਿਟ ਕਾਰਡ ਐਕਟਿਵੇਟ ਕਰਨ ਲਈ ਫੋਨ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਸ ਦੇ ਕ੍ਰੈਡਿਟ ਕਾਰਡ ਉੱਤੇ 1.5 ਲੱਖ ਰੁਪਏ ਦੀ ਠੱਗੀ ਕੀਤੀ ਗਈ। ਪੀੜਤ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਇਸ ਸੰਬਧੀ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਕ੍ਰੈਡਿਟ ਕਾਰਡ ਲਈ ਅਪਲਾਈ ਕੀਤਾ ਸੀ, ਜਿਸ ਦਿਨ ਉਸ ਨੂੰ ਪੋਸਟ ਰਾਹੀਂ ਕ੍ਰੈਡਿਟ ਕਾਰਡ ਮਿਲਿਆ, ਉਸੇ ਦਿਨ ਸ਼ਾਮ ਨੂੰ ਉਸ ਨੂੰ ਇੱਕ ਫ਼ੋਨ ਆਇਆ। ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਬੈਂਕ ਕਰਮਚਾਰੀ ਦੱਸਦੇ ਹੋਏ ਉਸ ਦੇ ਕ੍ਰੈਡਿਟ ਕਾਰਡ ਨੂੰ ਚਾਲੂ ਕਰਨ ਸਬੰਧੀ ਗੱਲਬਾਤ ਕੀਤੀ। ਉੱਕਤ ਵਿਅਕਤੀ ਨੇ ਉਸ ਕੋਲੋਂ ਕਾਰਡ 'ਚ ਕੇੈਸ਼ ਸੁਵਿਧਾਵਾਂ ਦੇ ਐਕਟਿਵੇਸ਼ਨ ਲਈ ਓਟੀਪੀ ਦੀ ਮੰਗ ਕੀਤੀ। ਕੁੱਝ ਸਮੇਂ ਬਾਅਦ ਉਸ ਦੇ ਅਕਾਉਂਟ ਚੋਂ 1.5 ਲੱਖ ਰੁਪਏ ਕੱਢ ਲਏ ਗਏ, ਜਿਸ ਦੀ ਸੂਚਨਾ ਉਸ ਨੂੰ ਬੈਂਕ ਮੈਸੇਜ਼ ਰਾਹੀਂ ਪ੍ਰਾਪਤ ਹੋਈ। ਜਿਸ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਆਨਲਾਈਨ ਠੱਗੀ ਹੋਈ ਹੈ। ਪੀੜਤ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਇਸ ਸੰਬਧੀ ਸ਼ਿਕਾਇਤ ਦਰਜ ਕਰਵਾਈ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨੌਜਵਾਨ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਫੋਨ ਕਾਲ ਦੀ ਡਿਟੇਲਸ ਅਤੇ ਫੋਨ ਨੰਬਰ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਜਲਦ ਤੋਂ ਜਲਦ ਸਾਈਬਰ ਕ੍ਰਾਇਮ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਦੇ ਵੀ ਕੋਈ ਵੀ ਬੈਂਕ ਤੁਹਾਡੇ ਤੋਂ ਕੋਈ ਓਟੀਪੀ ਜਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਨੰਬਰ ਨਹੀਂ ਪੁੱਛਦਾ। ਉਨ੍ਹਾਂ ਲੋਕਾਂ ਨੂੰ ਅਜਿਹੀ ਫੇਕ ਕਾਲ ਤੋਂ ਬੱਚਣ, ਸੁਚੇਤ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ।