ਜਲੰਧਰ: ਨਕੋਦਰ ਦੇ ਪਿੰਡ ਖ਼ਾਨਪੁਰ ਵਿਖੇ ਬੀਤੀ 6 ਜੁਲਾਈ ਨੂੰ ਇੱਕ ਮਸਜਿਦ ਵਿੱਚ ਪਵਿੱਤਰ ਕੁਰਾਨ ਨੂੰ ਸਾੜਨ ਦੇ ਮਾਮਲੇ ਨੂੰ ਲੈ ਕੇ ਸਨਿੱਚਰਵਾਰ ਨੂੰ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨਕੋਦਰ 'ਚ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ 'ਚ ਇੱਕ ਗ੍ਰਿਫ਼ਤਾਰ - nakodar sacrilege
ਮਸਜਿਦ ਵਿੱਚ ਪਵਿੱਤਰ ਕੁਰਾਨ ਸ਼ਰੀਫ ਨੂੰ ਸਾੜਨ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ 29 ਦਿਨਾਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਨਕੋਦਰ ਦੇ ਪਿੰਡ ਖ਼ਾਨਪੁਰ ਵਿਖੇ ਬੀਤੀ 6 ਜੁਲਾਈ ਨੂੰ ਇੱਕ ਮਸਜਿਦ ਵਿੱਚ ਪਵਿੱਤਰ ਕੁਰਾਨ ਨੂੰ ਸਾੜਨ ਦਾ ਮਾਮਲਾ ਸਾਹਮਣੇ ਆਇਆ ਸੀ।
ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ 6 ਜੁਲਾਈ ਨੂੰ ਨਕੋਦਰ ਦੇ ਪਿੰਡ ਖਾਨਪੁਰ ਵਿਖੇ ਮਸਜਿਦ ਵਿੱਚ ਪਵਿੱਤਰ ਕੁਰਾਨ ਸਾੜੇ ਜਾਣ ਦੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਦਿਹਾਤੀ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਖਾਨਪੁਰ ਥਾਣਾ ਸਦਰ ਦੇ ਰਹਿਣ ਵਾਲੇ ਸ਼ੌਕਤ ਅਲੀ ਪੁੱਤਰ ਅਜ਼ੀਜ਼ ਮੁਹੰਮਦ ਨੇ ਮਸਜਿਦ ਵਿੱਚੋਂ ਫਿਜ਼ਿਕਸ ਅਤੇ ਇੰਗਲਿਸ਼ ਦੀ ਕਿਤਾਬਾਂ ਨੂੰ ਅੱਗ ਲਗਾਈ ਸੀ ਅਤੇ ਨਾਲ ਹੀ ਇੱਕ ਤਾਲੇ ਨੂੰ ਤੋੜ ਸੁੱਟਿਆ ਸੀ, ਤਾਂ ਜੋ ਲੋਕਾਂ ਨੂੰ ਇਹ ਲੱਗੇ ਕਿ ਪਵਿੱਤਰ ਕੁਰਾਨ ਨੂੰ ਕਿਸੇ ਹੋਰ ਨੇ ਸਾੜ ਦਿੱਤਾ ਹੈ।
ਦੋਸ਼ੀ ਨੇ ਚਲਾਕੀ ਨਾਲ ਪਵਿੱਤਰ ਕੁਰਾਨ ਨੂੰ ਇੱਕ ਮਹੀਨਾ ਪਹਿਲਾਂ ਹੀ ਆਪਣੇ ਭਤੀਜੇ ਕੋਲ ਮਲੇਰਕੋਟਲਾ ਵਿਖੇ ਭਿਜਵਾ ਦਿੱਤਾ ਸੀ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਆਰੋਪੀ ਸ਼ੌਕਤ ਅਲੀ ਨੂੰ ਗ੍ਰਿਫਤਾਰ ਕਰ ਲਿਆ ਹੈ।