ਜਲੰਧਰ: ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਜਲੰਧਰ ਵਿਖੇ ਦੇਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦਈਏ ਕਿ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਜਨਮ 16 ਮਈ 1947 ਚ ਹੋਇਆ ਸੀ। ਉਹ ਇੱਕ ਭਾਰਤੀ ਫੀਲਡ ਦੇ ਹਾਕੀ ਖਿਡਾਰੀ ਸੀ।
ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸੁਰਜੀਤ ਹਾਕੀ ਖਿਡਾਰੀ ਵੱਲੋਂ ਟਵੀਟ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਨਾਲ ਹੀ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਵੀ ਕੀਤੀ। ਉਨ੍ਹਾਂ ਦਾ ਦੁਨੀਆ ਨੂੰ ਛੱਡ ਕੇ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਵਰਿੰਦਰ 1975 ਵਿੱਚ ਕੁਆਲਾਲੰਪੁਰ ਵਿੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਇਸ ਟੂਰਨਾਮੈਂਟ 'ਚ ਭਾਰਤ ਦਾ ਹੁਣ ਤੱਕ ਦਾ ਇਹ ਇਕਲੌਤਾ ਸੋਨ ਤਗਮਾ ਹੈ। ਇਸ ਤੋਂ ਬਾਅਦ ਭਾਰਤ ਨੇ ਫਾਈਨਲ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ।