ਜਲੰਧਰ : ਕਸਬਾ ਫਿਲੌਰ ਵਿਖੇ ਇੱਕ ਫਾਈਨਾਂਸਰ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਮ੍ਰਿਤਕ ਦੀ ਪਛਾਣ ਫਿਲੌਰ ਦੇ ਨਾਹਰ ਪਿੰਡ ਦੇ ਵਸਨੀਕ 45 ਸਾਲਾ ਬਲਜੀਤ ਸਿੰਘ ਵਜੋਂ ਹੋਈ ਹੈ। ਸਥਾਨਕ ਲੋਕਾਂ ਮੁਤਾਬਕ ਬਲਜੀਤ ਸਿੰਘ ਫਾਈਨਾਂਸ ਦਾ ਕੰਮ ਕਰਦਾ ਸੀ। ਬਲਜੀਤ ਜਿਸ ਥਾਂ 'ਤੇ ਕੰਮ ਕਰਦਾ ਸੀ, ਉਸ ਨੇ ਉਥੇ ਹੀ ਆਪਣਾ ਦਫਤਰ ਬਣਾਇਆ ਸੀ।
ਫਾਈਨਾਂਸਰ ਦਾ ਬੇਰਹਿਮੀ ਨਾਲ ਕੀਤਾ ਕਤਲ ਦਫ਼ਤਰ ਦੋ ਮੰਜਿਲਾ ਹੋਣ ਦੇ ਚਲਦੇ ਉਸ ਨੇ ਉਪਰ ਵਾਲਾ ਹਿੱਸਾ ਪਟਿਆਲਾ ਤੋਂ ਆਏ ਗੁਰਪ੍ਰੀਤ ਸਿੰਘ ਨੂੰ ਕਿਰਾਏ 'ਤੇ ਦਿੱਤਾ ਸੀ। ਗੁਰਪ੍ਰੀਤ ਸਿੰਘ ਆਪਣੀ ਪਤਨੀ ਸਮੇਤ ਕਿਰਾਏ 'ਤੇ ਉਥੇ ਰਹਿੰਦਾ ਸੀ। ਗੁਰਪ੍ਰੀਤ ਨੂੰ ਆਪਣੀ ਪਤਨੀ ਤੇ ਬਲਜੀਤ ਵਿਚਾਲੇ ਨਜਾਇਜ਼ ਸਬੰਧ ਹੋਣ ਦਾ ਸ਼ੱਕ ਸੀ।
ਇਸ ਮਾਮਲੇ ਦੀ ਜਾਂਚ ਅਧਿਕਾਰੀ ਐਸਐਚਓ ਮੁਖ਼ਤਿਆਰ ਸਿੰਘ ਨੇ ਦੱਸਿਆ ਉਨ੍ਹਾਂ ਸਵੇਰੇ ਕਤਲ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਗੁਰਪ੍ਰੀਤ ਜਿਸ ਸਮੇਂ ਹੱਥ ਧੋ ਰਿਹਾ ਸੀ ਤਾਂ ਉਸ ਦੇ ਹੱਥਾਂ 'ਤੇ ਖੂਨ ਲੱਗਾ ਹੋਇਆ ਸੀ। ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।