ਜਲੰਧਰ: ਗਾਂਧੀ ਜਯੰਤੀ ਦੇ ਦਿਨ ਸ਼ਰਾਬ ਦੇ ਠੇਕੇ ਬੰਦ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ ਇਸ ਦੇ ਬਾਵਜੂਦ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਵੀਡੀਓ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਡਰਾਈ ਡੈਅ ਹੋਣ ਦੇ ਬਾਵਜੂਦ ਠੇਕੇਦਾਰ ਠੇਕੇ ਦੇ ਅੰਦਰ ਤੋਂ ਚੋਰੀ ਸ਼ਰਾਬ ਵੇਚ ਰਹੇ ਹਨ।
ਸਰਕਾਰੀ ਆਦੇਸ਼ਾਂ ਦੀਆਂ ਸ਼ਰਾਬ ਠੇਕੇਦਾਰ ਉੱਡਾ ਰਹੇ ਧੱਜੀਆਂ - ਗੁਰੂ ਗੋਬਿੰਦ ਸਿੰਘ ਐਵੀਨਿਊ
ਜਲੰਧਰ ਦੇ ਲੰਮਾ ਪਿੰਡ ਚੌਂਕ ਅਤੇ ਗੁਰੂ ਗੋਬਿੰਦ ਸਿੰਘ ਐਵੀਨਿਊ 'ਚ ਸਰਕਾਰੀ ਆਦੇਸ਼ਾਂ ਦੀਆਂ ਸ਼ਰਾਬ ਠੇਕੇਦਾਰਾਂ ਵੱਲੋਂ ਸ਼ਰੇਆਮ ਧੱਜੀਆਂ ਉੱਡਾਈਆ ਜਾ ਰਹੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਪੁਲਿਸ ਇਸ ਸਾਰੇ ਮਾਮਲੇ 'ਚ ਲਾਪਰਵਾਹ ਦਿਖਾਈ ਦੇ ਰਹੀ ਹੈ।
ਇਹ ਤਸਵੀਰਾਂ ਜਲੰਧਰ ਦੇ ਲੰਮਾ ਪਿੰਡ ਚੌਂਕ ਅਤੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੀਆਂ ਹਨ, ਜਿੱਥੇ ਸ਼ਰਾਬ ਠੇਕੇਦਾਰ ਦੇ ਕਰਿੰਦੇ ਚੋਰੀ ਛਿੱਪੇ ਅਤੇ ਕਿਤੇ ਖੁੱਲੇਆਮ ਸ਼ਰਾਬ ਵੇਚਦੇ ਹੋਏ ਨਜ਼ਰ ਆ ਰਹੇ ਹਨ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਸ਼ਰਾਬ ਲੈਣ ਆਏ ਲੋਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਲੋਕ ਅਗੇ ਨਾਲੋਂ ਘੱਟ ਦਾਮ 'ਚ ਅੱਜ ਸ਼ਰਾਬ ਵੇਚ ਰਹੇ ਹਨ।
ਇਸ ਤੋਂ ਇਲਾਵਾ ਜਦੋਂ ਸ਼ਰਾਬ ਠੇਕੇ 'ਤੇ ਕੰਮ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਲਕਾਂ ਦੇ ਹੁਕਮ ਹਨ ਇਸ ਲਈ ਸ਼ਰਾਬ ਠੇਕੇ ਖੋਲ੍ਹੇ ਗਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਥੇ ਇੱਕ ਪਾਸੇ ਚੋਰੀ ਛਿੱਪੇ ਸ਼ਰਾਬ ਵੇਚੀ ਜਾ ਰਹੀ ਹੈ ਉਥੋਂ ਦੀ ਥੋੜੀ ਦੂਰ 'ਤੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਹੈ ਤੇ ਉਹ ਪੂਰੀ ਤਰ੍ਹਾਂ ਅੱਖਾਂ ਬੰਦ ਕਰ ਬੈਠੇ ਹੋਏ ਹਨ। ਪੁਲਿਸ ਅਧਿਕਾਰੀ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਚੈੱਕ ਕਰ ਰਹੇ ਹਾਂ ਕੀ ਅੱਗੇ ਇਹ ਸ਼ਰਾਬ ਨਾ ਵੇਚੀ ਜਾਵੇ।