ਜਲੰਧਰ: ਪੰਜਾਬ ਦਾ ਸ਼ਹਿਰ ਜਲੰਧਰ ਇਕ ਪਾਸੇ ਜਿੱਥੇ ਆਪਣੇ ਖੇਡ ਉਦਯੋਗ ਅਤੇ ਹੈਂਡ ਟੂਲ ਉਦਯੋਗ ਲਈ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ, ਉੱਥੇ ਹੁਣ ਇਹ ਸ਼ਹਿਰ ਮੈਡੀਕਲ ਟੂਰਿਜ਼ਮ ਦਾ ਇਕ ਵੱਡਾ ਹਬ ਬਣ ਗਿਆ ਹੈ। ਜਲੰਧਰ ਵਿਖੇ ਨਾਲ ਦੇ ਸੂਬਿਆਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਐੱਨਆਰਆਈ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਅੱਜ ਜਲੰਧਰ ਵਿਚ ਕਰੀਬ 200 ਛੋਟੇ-ਵੱਡੇ ਹਸਪਤਾਲ ਹਨ, ਜਿਨ੍ਹਾਂ ਵਿਚ ਦੂਰੋਂ ਦੂਰੋਂ ਲੋਕ ਇਲਾਜ ਕਰਵਾਉਣ ਆਉਂਦੇ ਹਨ।
ਹਸਪਤਾਲਾਂ ਵਿਚ ਬਣੇ VVIP ਕਮਰੇ :ਵਿਦੇਸ਼ ਤੋਂ ਜਲੰਧਰ ਆਕੇ ਇਲਾਜ ਕਰਵਾਉਣ (NRI Treatment in Jalandhar Hospitals) ਵਾਲੇ ਐਨਆਰਆਈ ਲੋਕਾਂ ਲਈ ਹਸਪਤਾਲਾਂ ਵਿਚ ਵੀਵੀਆਈਪੀ ਕਮਰੇ ਬਣਾਏ ਗਏ ਹਨ। ਇਨ੍ਹਾਂ ਕਮਰਿਆਂ ਵਿੱਚ ਮਰੀਜ਼ਾਂ ਦੇ ਨਾਲ ਰਹਿਣ ਵਾਲੇ ਪਰਿਵਾਰ ਲਈ ਅਲੱਗ ਤੋਂ ਬੈਡ, ਸੋਫੇ, ਕੌਫੀ ਮਸ਼ੀਨ, ਫਰਿਜ ਤੇ ਵਾਈ ਫਾਈ ਵਰਗੀਆਂ ਸਾਰੀਆਂ ਸੁਵਿਧਾਵਾਂ ਮੌਜੂਦ ਹਨ। ਆਮ ਤੌਰ 'ਤੇ ਹਸਪਤਾਲਾਂ ਵਿੱਚ ਇਕ ਜਾਂ ਦੋ ਲੋਕ ਮਰੀਜ ਨਾਲ ਰਹ ਸਕਦੇ ਹਨ, ਪਰ ਇਨ੍ਹਾਂ ਕਮਰਿਆਂ ਵਿਚ ਮਰੀਜ਼ ਦਾ ਪਰਿਵਾਰ ਉਸ ਦੇ ਨਾਲ ਰਹਿ ਸਕਦਾ ਹੈ। ਖਾਸਕਰ ਉਹ ਲੋਕ ਜਿੰਨਾ ਦਾ ਪਰਿਵਾਰ ਛੋਟਾ ਹੈ, ਜਾਂ ਫੇਰ ਉਹ ਕਿਤੋਂ ਦੂਰੋਂ ਆਏ ਹਨ। ਉਨ੍ਹਾਂ ਨੂੰ ਇਨ੍ਹਾਂ ਕਮਰਿਆਂ ਦਾ ਪੂਰਾ ਫਾਇਦਾ ਮਿਲਦਾ ਹੈ।
ਵਿਦੇਸ਼ਾਂ ਵਿਚ ਇਲਾਜ ਬਹੁਤ ਮਹਿੰਗਾ ਹੋਣ ਕਰਕੇ ਲੋਕ ਇਲਾਜ ਲਈ ਚੁਣਦੇ ਜਲੰਧਰ : ਉਹ ਲੋਕ ਜੋ ਪੰਜਾਬ ਵਿਚੋਂ ਜਾ ਕੇ ਵਿਦੇਸ਼ਾਂ ਵਿਚ ਵੱਸੇ ਹਨ। ਉਨ੍ਹਾਂ ਨੂੰ ਬੀਮਾਰ ਹੋਣ 'ਤੇ ਉੱਥੇ ਇਲਾਜ ਬੇਹੱਦ ਮਹਿੰਗਾ ਮਿਲਦਾ ਹੈ ਜਿਸ ਕਾਰਨ ਉਹ ਪੰਜਾਬ ਦਾ ਰੁੱਖ ਕਰਦੇ ਹਨ। ਪੰਜਾਬ ਆਕੇ ਜਿਥੇ ਉਹ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਮਿਲ ਜਾਂਦੇ ਹਨ। ਇਸ ਦੇ ਨਾਲ ਹੀ ਆਪਣਾ ਅਤੇ ਆਪਣੇ ਕਰੀਬੀਆਂ ਦਾ ਇਥੇ ਇਲਾਜ ਵੀ ਕਰਵਾ ਕੇ ਜਾਂਦੇ ਹਨ। ਜਲੰਧਰ ਵਿਚ ਅਜੇ ਛੋਟੇ ਤੋਂ ਲੈਕੇ ਵੱਡੇ ਤੋਂ ਵੱਡਾ ਹਸਪਤਾਲ ਮੌਜੂਦ ਹੈ। ਇਸੇ ਲਈ ਲੋਕਾਂ ਨੂੰ ਜਲੰਧਰ ਵਿੱਚ ਇਲਾਜ ਕਰਵਾਉਣਾ ਸਸਤਾ ਲੱਗਦਾ ਹੈ।
ਇੰਨਾ ਹੀ ਨਹੀਂ, ਜਲੰਧਰ ਪੰਜਾਬ ਦੇ ਉਸ ਦੋਆਬਾ ਇਲਾਕੇ ਦਾ ਸੈਂਟਰ ਮੰਨਿਆ ਜਾਂਦਾ ਹੈ। ਜਿੱਥੋਂ ਸਭ ਤੋਂ ਜਿਆਦਾ ਲੋਕ ਵਿਦੇਸ਼ ਵਿਚ ਹੀ ਹਨ। ਇਹੀ ਨਹੀਂ ਇੱਥੇ ਦਵਾਈਆਂ ਵੀ ਵਿਦੇਸ਼ਾਂ ਨਾਲੋਂ ਕਿਤੇ ਸਸਤੀਆਂ ਮਿਲੀਆਂ ਹਨ ਜਿਸ ਕਰਕੇ ਜਿੰਨੇ ਪੈਸੇ ਵਿੱਚ ਉੱਥੇ ਉਨ੍ਹਾਂ ਨੂੰ ਇਲਾਜ ਲਈ ਖ਼ਰਚਣੇ ਪੈਂਦੇ ਹਨ, ਉਨ੍ਹਾਂ ਪੈਸਿਆਂ ਵਿੱਚ ਉਹ ਲੋਕ ਪੰਜਾਬ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਨਾਲ ਨਾਲ ਆਪਣਾ ਇਲਾਜ ਵੀ ਕਰਵਾ ਕੇ ਚਲੇ ਜਾਂਦੇ ਹਨ।