ਜਲੰਧਰ:ਪੰਜਾਬ ਦੇ ਲੱਖਾਂ ਨੌਜਵਾਨ ਦਿਲਾਂ ਦੀ ਧੜਕਣ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਵੀਆਈਪੀ ਲੋਕਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਪੂਰੀ ਤਰ੍ਹਾਂ ਘਿਰ ਗਈ ਹੈ। ਇਕ ਪਾਸੇ ਜਿੱਥੇ ਸਰਕਾਰ ਵੀਆਈਪੀ ਸੁਰੱਖਿਆ ਵਾਪਸ ਲੈ ਕੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵਿੱਚ ਲਗਾਉਣ ਦੀ ਗੱਲ ਕਰ ਰਹੀ ਹੈ। ਉਸਦੇ ਦੂਜੇ ਪਾਸੇ ਵੱਖ-ਵੱਖ ਰਾਜਨੀਤਿਕ ਦਲ ਹੁਣ ਇਸ ਨੂੰ ਰਾਜਨੀਤੀਕ ਦਵੇਸ਼ ਭਾਵਨਾ ਨਾਲ ਚੁੱਕਿਆ ਗਿਆ ਕਦਮ ਦੱਸ ਰਹੇ ਹਨ।
ਮੂਸੇਵਾਲਾ ਦੀ ਸੁਰੱਖਿਆ ਵਿੱਚ ਵੀ ਕੀਤੀ ਗਈ ਸੀ ਕਟੌਤੀ: ਸਿੱਧੂ ਮੂਸੇਵਾਲਾ ਨਾ ਸਿਰਫ਼ ਪੰਜਾਬ ਦਾ ਇੱਕ ਨਾਮੀ ਗਾਇਕ ਸੀ ਇਸ ਦੇ ਨਾਲ ਨਾਲ ਉਹ ਇੱਕ ਕਾਂਗਰਸੀ ਨੇਤਾ ਵੀ ਸੀ। ਮਹਿਜ਼ ਤੀਹ ਸਾਲ ਦੀ ਉਮਰ ਵਿੱਚ ਜਿੱਥੇ ਸਿੱਧੂ ਨੇ ਪੂਰੀ ਦੁਨੀਆਂ ਵਿੱਚ ਆਪਣੇ ਨਾਮ ਦੇ ਨਾਲ ਆਪਣੇ ਪਿੰਡ ਦੇ ਨਾਮ ਨੂੰ ਜੋੜ ਕੇ ਨਾ ਸਿਰਫ਼ ਆਪਣੇ ਪਿੰਡ ਬਲਕਿ ਪੰਜਾਬ ਦਾ ਨਾਂ ਵੀ ਪੂਰੀ ਦੁਨੀਆਂ ਵਿਚ ਚਮਕਾਇਆ। ਇਹੀ ਨਹੀਂ ਸਿੱਧੂ ਮੂਸੇਵਾਲਾ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਤੋਂ ਕਾਂਗਰਸ ਦਾ ਉਮੀਦਵਾਰ ਵੀ ਰਹੇ।
ਹਾਲਾਂਕਿ ਇਸ ਚੋਣ ਵਿੱਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੇ ਸਿੰਗਲਾ ਤੋਂ ਹਾਰ ਗਏ ਸੀ। ਇਸ ਦੌਰਾਨ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਨੂੰ ਚਾਰ ਪੁਲਿਸ ਕਰਮੀਆਂ ਦੀ ਸਰਕਾਰੀ ਸੁਰੱਖਿਆ ਦਿੱਤੀ ਹੋਈ ਸੀ, ਪਰ ਦੋ ਦਿਨ ਪਹਿਲਾਂ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਨ੍ਹਾਂ 8 ਵੀਆਈਪੀ ਲੋਕਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਉਹਦੇ ਵਿੱਚ ਸਿੱਧੂ ਮੂਸੇਵਾਲਾ ਦਾ ਨਾਂ ਵੀ ਸ਼ਾਮਲ ਸੀ। ਸਿੱਧੂ ਮੂਸੇਵਾਲਾ ਕੋਲੋਂ ਸਰਕਾਰ ਨੇ ਚਾਰ ਪੁਲਿਸ ਕਰਮੀਆਂ ਦੀ ਸੁਰੱਖਿਆ ਤੋਂ ਦੋ ਪੁਲਿਸ ਕਰਮੀਆਂ ਵਾਪਸ ਬੁਲਾ ਲਏ ਸੀ। ਹਾਲਾਂਕਿ ਕੱਲ੍ਹ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਸਮੇਂ ਉਸ ਦੇ ਉਹ ਦੋ ਸੁਰੱਖਿਆ ਗਾਰਡ ਵੀ ਉਸਦੇ ਨਾਲ ਨਹੀਂ ਸੀ।
ਵੀਆਈਪੀ ਲੋਕਾਂ ਦੀ ਸੁਰੱਖਿਆ ਵਿੱਚ ਕਟੌਤੀ: ਪੰਜਾਬ ਵਿੱਚ ਸਭ ਤੋਂ ਪਹਿਲਾਂ 13 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ 122 ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਦੀ ਸੁਰੱਖਿਆ ਵਾਪਸ ਲਈ ਗਈ ਸੀ। ਇਸ ਤੋਂ ਬਾਅਦ 23 ਅਪ੍ਰੈਲ ਨੂੰ 184 ਵੀਆਈਪੀ ਲੋਕਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਅਤੇ ਤੀਜ਼ੀ ਵਾਰ 11 ਮਈ ਨੂੰ ਅੱਠ ਹੋਰ ਵੀਆਈਪੀ ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਜਿਸ ਵਿੱਚ ਸਿੱਧੂ ਮੂਸੇਵਾਲਾ ਦਾ ਨਾਂ ਵੀ ਸ਼ਾਮਲ ਸੀ।
ਇਸੇ ਲੜੀ ਵਿੱਚ ਸਰਕਾਰ ਵੱਲੋਂ ਚੌਥੀ ਲਿਸਟ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਜਿਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ, ਡੇਰਾ ਮੁਖੀ, ਤਿੰਨ ਏਡੀਜੀਪੀ ਅਤੇ ਹੋਰ ਕਈ ਵੀਆਈਪੀ ਲੋਕਾਂ ਦੀ ਸੁਰੱਖਿਆ ਨੂੰ ਘਟਾਉਂਦੇ ਹੋਏ 424 ਵੀਆਈਪੀ ਲੋਕਾਂ ਦੀ ਸੁਰੱਖਿਆ ਨੂੰ ਵਾਪਸ ਲੈ ਲਿਆ ਗਿਆ ਜਿਨ੍ਹਾਂ ਵਿੱਚੋਂ ਕਰੀਬ ਤਿੰਨ ਹਜ਼ਾਰ ਪੁਲਿਸ ਕਰਮੀ ਵੀਆਈਪੀ ਸੁਰੱਖਿਆ ਤੋਂ ਹਟਾ ਕੇ ਜਨਰਲ ਡਿਊਟੀ ਵਿੱਚ ਤੈਨਾਤ ਕਰ ਦਿੱਤੇ ਗਏ। ਸੁਰੱਖਿਆ ਵਿੱਚ ਕਟੌਤੀ ਦੇ ਚੱਲਦੇ ਸਰਕਾਰ ਵੱਲੋਂ ਨਾ ਸਿਰਫ਼ ਪੁਲਿਸ ਕਰਮੀ ਬਲਕਿ ਅਲੱਗ ਅਲੱਗ ਵੀਆਈਪੀਜ਼ ਨਾਲ ਚੱਲਣ ਵਾਲੀਆਂ ਪਾਇਲਟ ਗੱਡੀਆਂ ਵੀ ਵਾਪਸ ਮੰਗਵਾ ਲਈਆਂ ਗਈਆਂ।