ਜਲੰਧਰ: ਸ਼ਹਿਰ ਵਿੱਚ ਐਤਵਾਰ ਦੁਪਹਿਰ ਬੀਐਮਸੀ ਚੌਕ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫਲੈਕਸ ਉੱਪਰ ਅਣਪਛਾਤੇ ਲੋਕਾਂ ਵੱਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਿਖ ਦਿੱਤੇ ਗਏ। ਜ਼ਿਕਰਯੋਗ ਹੈ ਕਿ ਕੱਲ੍ਹ ਯਾਨੀ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Mann In Jalandhar) ਜਲੰਧਰ ਵਿੱਚ ਹੋਣਗੇ ਅਤੇ ਉਸ ਤੋਂ ਪਹਿਲਾ ਇਸ ਤਰ੍ਹਾਂ ਦੀ ਘਟਨਾ ਹੋਣੀ ਪੁਲਿਸ ਵਾਸਤੇ ਇਕ ਵੱਡੀ ਚੁਣੌਤੀ ਬਣ ਗਈ ਹੈ।
ਫਿਲਹਾਲ ਇਕ ਪਾਸੇ ਜਿਥੇ ਗੁਰਪਤਵੰਤ ਸਿੰਘ ਪੰਨੂ ਉੱਤੇ ਇੱਕ ਵੀਡੀਓ ਜਾਰੀ ਕਰ ਇਸ ਪੂਰੀ ਘਟਨਾ ਬਾਰੇ ਦੱਸਿਆ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਹੋਰਨਾਂ ਅਫ਼ਸਰਾਂ ਲਈ ਵੀ ਧਮਕੀ ਭਰੇ ਸ਼ਬਦ ਇਸਤੇਮਾਲ ਕੀਤੇ। ਉਧਰ ਅੱਜ ਦੇਰ ਸ਼ਾਮ ਸ਼ਿਵ ਸੈਨਾ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੂਰਤੀ ਉਪਰ ਜਿਥੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ, ਉਸ ਨੂੰ ਦੁੱਧ ਨਾਲ ਧੋਤਾ ਗਿਆ। ਇਸ ਮੌਕੇ ਸ਼ਿਵ ਸੈਨਾ ਦੇ ਆਗੂ ਡਾ. ਨਰਿੰਦਰ ਥਾਪਰ ਨੇ ਕਿਹਾ ਕਿ ਅੱਜ ਜੋ ਹਰਕਤ ਗੁਰਪਤਵੰਤ ਸਿੰਘ ਪੰਨੂ ਪੰਜਾਬ ਦੇ ਮਾਹੌਲ ਵਿਗਾੜਨ ਵਾਸਤੇ ਕਰ ਰਿਹਾ ਹੈ, ਉਸ ਨੂੰ ਪੰਜਾਬ ਦੇ ਲੋਕ ਕਦੀ ਬਰਦਾਸ਼ਤ ਨਹੀਂ ਕਰਨਗੇ।