ਜਲੰਧਰ : ਖੇਤੀ ਆਰਡੀਨੈਂਸਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਦੇ ਦੌਰਾਨ ਕਿਸਾਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਦੇ ਘਰ ਦਾ ਘਿਰਾਓ ਕੀਤਾ ਸੀ। ਕਿਸਾਨਾਂ ਵੱਲੋਂ ਘਿਰਾਓ ਕੀਤੇ ਜਾਣ ਮਗਰੋਂ ਹੰਸਰਾਜ ਜਲੰਧਰ 'ਚ ਸਥਿਤ ਆਪਣੇ ਘਰ ਪੁੱਜੇ। ਦਿੱਲੀ ਤੋਂ ਪੰਜਾਬ ਪਰਤੇ ਸਾਂਸਦ ਹੰਸਰਾਜ ਹੰਸ ਨੇ ਪੀਐਮ ਮੋਦੀ ਨਾਲ ਮੁਲਾਕਾਤ ਕਰਵਾ ਕੇ ਕਿਸਾਨਾਂ ਦੀ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਥਰਸ ਵਿਖੇ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸਿਆਸਤ ਦਾ ਹਿੱਸਾ ਦੱਸਿਆ।
ਪੀਐਮ ਮੋਦੀ ਨਾਲ ਮੁਲਾਕਾਤ ਕਰਵਾਉਣ ਦਾ ਦਿੱਤਾ ਸੱਦਾ
ਮੀਡੀਆ ਨਾਲ ਰੁਬਰੂ ਹੁੰਦੇ ਹੋਏ ਹੰਸਰਾਜ ਹੰਸ ਨੇ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਦੇ ਘਰ ਦਾ ਘਿਰਾਓ ਕੀਤਾ। ਇਸ ਨੂੰ ਲੈ ਕੇ ਉਹ ਬਿਲਕੁੱਲ ਵੀ ਨਰਾਜ਼ ਨਹੀਂ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਦਾ ਰੋਸ ਜਾਇਜ਼ ਹੈ, ਕਿਉਂਕਿ ਦੇਸ਼ ਦੀ ਜਨਤਾ ਆਪਣੇ ਹੱਕਾਂ ਲਈ ਜਾਗਰੂਕ ਹੈ ਤੇ ਆਪਣੇ ਹੱਕ ਦੀ ਲੜਾਈ ਲੜਨਾ ਵਧੀਆ ਹੈ। ਉਨ੍ਹਾਂ ਕਿਸਾਨਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਜੇ ਕਿਸਾਨ ਚਾਹੁਣ ਤਾਂ ਉਹ ਪ੍ਰਧਾਨ ਮੋਦੀ ਨਾਲ ਗੱਲ ਕਰਕੇ ਕਿਸਾਨ ਆਗੂਆਂ ਦੀ ਮੁਲਾਕਾਤ ਕਰਵਾ ਦੇਣਗੇ। ਕਿਸਾਨ ਪੀਐਮ ਮੋਦੀ ਨਾਲ ਖੁੱਲ੍ਹ ਕੇ ਆਪਣੀ ਸਮੱਸਿਆ ਤੇ ਮੁਸ਼ਕਲਾਂ ਸਾਂਝੀ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਦੀ ਮੁਸ਼ਕਲਾਂ ਹੱਲ ਕਰਵਾਉਣ ਸਬੰਧੀ ਜ਼ਿੰਮੇਵਾਰੀ ਲੈਣ ਦੀ ਗੱਲ ਆਖੀ। ਹੰਸਰਾਜ ਹੰਸ ਨੇ ਕਿਹਾ ਕਿ ਜਿਹੜੇ ਸਿਆਸੀ ਆਗੂ ਇਹ 2022 ਦੀਆਂ ਚੋਣਾਂ ਸਬੰਧੀ ਸੋਚ ਕੇ ਇਸ ਮੁੱਦੇ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ , ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੱਤਾ ਹਾਸਲ ਕਰਨਾ ਸੌਖਾ ਨਹੀਂ ਹੈ। ਉਨ੍ਹਾਂ ਕਿਸਾਨਾਂ ਦੇ ਹੱਕ 'ਚ ਨਿੱਤਰੇ ਗਾਇਕਾਂ ਤੇ ਕਲਾਕਾਰਾਂ ਦੀ ਸ਼ਲਾਘਾ ਕੀਤੀ।