ਜਲੰਧਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧਦੀਆਂ ਨਜਰ ਆ ਰਹੀਆਂ ਹਨ। ਚੰਨੀ ਆਪਣੇ ਭਾਣਜੇ ਭੁਪਿੰਦਰ ਸਿੰਘ ਹਨੀ ਤੋਂ ਬਾਅਦ ਹੁਣ ਖੁਦ ਵੀ ਈਡੀ ਦੇ ਨਿਸ਼ਾਨੇ ’ਤੇ ਆ ਗਏ ਹਨ। ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਨੂੰ ਈਡੀ ਨੇ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਈਡੀ ਨੇ ਚਰਨਜੀਤ ਸਿੰਘ ਚੰਨੀ ਨੂੰ ਰੇਤ ਮਾਈਨਿੰਗ ਮਾਮਲੇ ਅਤੇ ਅਧਿਕਾਰੀਆਂ ਦੇ ਤਬਾਦਲੇ ਦੇ ਮਾਮਲੇ ਚ ਪੁੱਛਗਿੱਛ ਕਰਨ ਦੇ ਲਈ ਇਹ ਸੰਮਨ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਕਰੀਬ ਦੱਸ ਕਰੋੜ ਨਕਦ ਰਾਸ਼ੀ, ਲੱਖਾਂ ਦਾ ਸੋਨਾ ਅਤੇ ਮਹਿੰਗੀ ਘੜੀ ਮਿਲਣ ਤੋਂ ਬਾਅਦ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸੇ ਦੇ ਚੱਲਦੇ ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਖਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ ਜਿਸ ਤੋਂ ਬਾਅਦ 6 ਅਪ੍ਰੈਲ ਨੂੰ ਅਦਾਲਤ ਵੱਲੋਂ ਭੁਪਿੰਦਰ ਸਿੰਘ ਹਨੀ ਨੂੰ ਜੇਲ੍ਹ ਭੇਜ ਦਿੱਤਾ ਗਿਆ।ਜਿਸ ਤੋਂ ਇਹ ਸਾਫ ਹੋ ਗਿਆ ਸੀ ਕਿ ਭੁਪਿੰਦਰ ਸਿੰਘ ਹਨੀ ਤੋਂ ਬਾਅਦ ਨਾਜਾਇਜ ਮਾਇਨਿੰਗ ਅਤੇ ਅਧਿਕਾਰੀਆਂ ਦੇ ਤਬਾਦਲੇ ਦੇ ਮਾਮਲੇ ਚ ਚੰਨੀ ਵੀ ਈਡੀ ਦੇ ਨਿਸ਼ਾਨੇ ’ਤੇ ਆ ਸਕਦੇ ਹਨ।