ਜਲੰਧਰ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਵੱਧ ਹੋ ਗਈ ਹੈ। ਪੰਜਾਬ ਪੁਲਿਸ ਜਲੰਧਰ ਦੇ ਡੀਸੀਪੀ ਗੁਰਮੀਤ ਸਿੰਘ ਨੇ ਸ਼ਹਿਰ 'ਚ ਕੋਵਿਡ-19 ਦੇ ਦੌਰਾਨ ਲੋਕਾਂ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ।
ਕੋਰੋਨਾ ਵਾਇਰਸ ਤੋਂ ਬਚਾਅ ਲਈ ਡੀਸੀਪੀ ਜਲੰਧਰ ਨੇ ਲੋਕਾਂ ਨੂੰ ਦਿੱਤੀ ਖ਼ਾਸ ਹਦਾਇਤਾਂ
ਪੰਜਾਬ 'ਚ ਕੋਰੋਨਾ ਪੌਜ਼ੀਟਿਵ ਮਰੀਜਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਲੌਕਡਾਊਨ ਮਗਰੋਂ ਲੋਕਾਂ ਦੀ ਆਵਾਜਾਈ ਵੱਧ ਗਈ ਹੈ।
ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਹਿਰ 'ਚ ਹੁਣ ਤੱਕ ਕੋਰੋਨਾ ਦੇ ਲਗਭਗ 800 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਂ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਮਝਾਉਣ ਮਗਰੋਂ ਵੀ ਕੁੱਝ ਲੋਕ ਅਣਗਿਹਲੀ ਵਰਤ ਰਹੇ ਹਨ ਤੇ ਮਾਸਕ ਪਾਏ ਬਿਨਾਂ ਹੀ ਸੜਕਾਂ 'ਤੇ ਘੁੰਮਦੇ ਨਜ਼ਰ ਆਉਂਦੇ ਹਨ। ਡੀਸੀਪੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਪਾਉਣਾ, ਸਾਰੀਰਕ ਦੂਰੀ ਬਣਾਏ ਰੱਖਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਿਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਿਸ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇਗਾ। ਹੁਣ ਤੱਕ ਪੁਲਿਸ ਨੇ ਮਾਸਕ ਨਾ ਪਾਉਣ ਸਬੰਧੀ ਕਈ ਚਲਾਨ ਕੱਟੇ ਹਨ।
ਡੀਸੀਪੀ ਨੇ ਦੱਸਿਆ ਸ਼ਹਿਰ 'ਚ ਵੱਧ ਰਹੇ ਅਪਰਾਧਕ ਮਾਮਲਿਆਂ ਨੂੰ ਰੋਕਣ ਲਈ ਪੁਲਿਸ ਮੁਲਾਜ਼ਮਾਂ ਤੇ ਫੌਜ ਦੇ ਜਵਾਨਾਂ ਦੀਆਂ ਵਰਦੀਆਂ ਸਿਉਣ ਵਾਲੇ ਦਰਜੀਆਂ ਨੂੰ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਦਰਜੀ ਕਿਸੇ ਮੁਲਾਜ਼ਮ ਦੀ ਵਰਦੀ ਸਿਉਣ ਦਾ ਆਡਰ ਲੈਂਦੇ ਹਨ ਤਾਂ ਉਹ ਮੁਲਾਜ਼ਮ ਦਾ ਨਾਂਅ, ਪਤਾ, ਫੋਨ ਨੰਬਰ ਪੂਰਾ ਵੇਰਵਾ ਰੱਖਣ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਇਸ ਦਾ ਗ਼ਲਤ ਫਾਇਦਾ ਨਾ ਚੁੱਕ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਡਿਊਟੀ ਦੇ ਦੌਰਾਨ ਮਾਸਕ, ਗਲਵਜ਼ ਆਦਿ ਪਾਉਣ ਦੇ ਆਦੇਸ਼ ਦਿੱਤੇ ਹਨ।