ਜਲੰਧਰ:ਜ਼ਿਲ੍ਹੇ ਨੂੰ ਖੇਡ ਉਦਯੋਗ ਦੇ ਨਾਮ ਨਾਲ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ, ਇੱਥੇ ਬਣੇ ਖੇਡ ਦੇ ਸਮਾਨ ਦਾ ਨਾ ਸਿਰਫ਼ ਭਾਰਤੀ ਖਿਡਾਰੀ ਬਲਕਿ ਅੰਤਰਰਾਸ਼ਟਰੀ ਖਿਡਾਰੀ ਵੀ ਬੜੇ ਚਾਅ ਨਾਲ ਇਸਤੇਮਾਲ ਕਰਦੇ ਹਨ। ਜਲੰਧਰ ਦੇ ਖੇਡ ਉਦਯੋਗ ਦੀ ਗੱਲ ਕਰੀਏ ਤਾਂ ਇੱਥੇ ਛੋਟੇ-ਮੋਟੇ ਕਰੀਬ 500 ਖੇਡ ਦੇ ਅਦਾਰੇ ਹਨ ਜਿਨ੍ਹਾਂ ਨਾਲ ਜਲੰਧਰ ਅਤੇ ਜਲੰਧਰ ਤੋਂ ਬਾਹਰ ਦਾ ਕਰੀਬ ਇੱਕ ਲੱਖ ਵਿਅਕਤੀ ਜੁੜਿਆ ਹੋਇਆ ਹੈ ਤੇ ਉਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਇਸੇ ਉਦਯੋਗ ਤੋਂ ਚੱਲਦਾ ਹੈ।
Corona Effect: ਖੇਡ ਉਦਯੋਗਪਤੀਆਂ ਨੂੰ ਮੁੜ ਜਾਗੀ ਆਸ - ਸਕੂਲ ਕਾਲਜ ਬੰਦ
ਜਿਥੇ ਕੋਰੋਨਾ ਕਾਰਨ ਲੱਗੇ ਲੌਕਡਾਊਨ ਦਾ ਪ੍ਰਭਾਵ ਹਰ ਵਰਗ ਹਰ ਖੇਤਰ ’ਤੇ ਪਿਆ ਹੈ ਉਥੇ ਹੀ ਖੇਡ ਸਮਾਨ ਦੇ ਵਪਾਰੀਆਂ ’ਤੇ ਵੀ ਇਸ ਦਾ ਕਾਫੀ ਅਸਰ ਪਿਆ ਹੈ ਤੇ ਜਿਹਨਾਂ ਨੂੰ ਕਾਰੋਬਾਰ ਚੱਲਣ ਦੀ ਜਾਗ ਬੱਝੀ ਹੈ।
ਜਲੰਧਰ ਦਾ ਇਹ ਖੇਡ ਉਦਯੋਗ ਵੱਡੇ-ਵੱਡੇ ਤਕਨੀਸ਼ਨਾਂ ਤੋਂ ਲੈ ਕੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਤੱਕ ਨੂੰ ਰੁਜ਼ਗਾਰ ਦਿੰਦਾ ਹੈ, ਪਰ ਪਿਛਲੇ ਕਰੀਬ ਡੇਢ ਸਾਲ ਤੋਂ ਇਸ ਉਦਯੋਗ ’ਤੇ ਵੀ ਕੋਰੋਨਾ ਦੀ ਮਾਰ ਪਈ ਹੋਈ ਹੈ। ਕੋਰੋਨਾ ਕਰਕੇ ਬੰਦ ਹੋਏ ਸਕੂਲ ਕਾਲਜ ਅਤੇ ਵੱਡੇ ਟੂਰਨਾਮੈਂਟ ਇਸ ਦਾ ਸਭ ਤੋਂ ਵੱਡਾ ਕਾਰਨ ਹਨ।
ਬੇਸ਼ੱਕ ਹੁਣ ਕੋਰੋਨਾ ਦੇ ਘਟਣ ਤੋਂ ਬਾਅਦ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਅਨਲੌਕ ਤੋਂ ਬਾਅਦ ਇਸ ਖੇਡ ਉਦਯੋਗ ਨੂੰ ਵੀ ਉਮੀਦ ਜਾਗੀ ਹੈ ਕਿ ਸ਼ਾਇਦ ਹੁਣ ਜਲਦ ਹੀ ਇਸ ਉਦਯੋਗ ਲਈ ਵੀ ਸੁਨਹਿਰਾ ਸਮਾਂ ਆਵੇਗਾ। ਇਸ ਮੌਕੇ ਖੇਡ ਉਦਯੋਗਪਤੀ ਰਵਿੰਦਰ ਧੀਰ ਦਾ ਕਹਿਣਾ ਹੈ ਕਿ ਪਿਛਲੇ ਡੇਢ ਸਾਲ ਦੌਰਾਨ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਠੱਪ ਸੀ, ਹਾਲਤ ਇਹ ਸੀ ਕਿ ਕੰਮ ਬਿਲਕੁੱਲ ਬੰਦ ਹੋ ਚੁੱਕਿਆ ਸੀ ਅਤੇ ਲੇਬਰ ਵੀ ਆਪਣੇ ਘਰਾਂ ਨੂੰ ਪਰਤ ਗਈ ਸੀ। ਉਨ੍ਹਾਂ ਮੁਤਾਬਕ ਲੇਬਰ ਤਾਂ ਹੌਲੀ-ਹੌਲੀ ਵਾਪਸ ਆ ਰਹੀ ਹੈ ਅਤੇ ਉਨ੍ਹਾਂ ਵੱਲੋਂ ਖੇਡ ਦੇ ਸਾਮਾਨ ਦਾ ਉਤਪਾਦਨ ਕਰਨ ਦੀ ਵੀ ਪੂਰੀ ਤਿਆਰੀ ਕਰ ਲਈ ਗਈ ਹੈ, ਪਰ ਅਜੇ ਵੀ ਗਾਹਕ ਦੇ ਨਾ ਆਉਣ ਕਰਕੇ ਅਤੇ ਸਕੂਲ ਕਾਲਜ ਬੰਦ ਹੋਣ ਦੇ ਨਾਲ ਨਾਲ ਵੱਡੇ-ਵੱਡੇ ਟੂਰਨਾਮੈਂਟ ਦੇ ਨਾ ਹੋਣ ਕਰਕੇ ਉਤਪਾਦਨ ਬਿਲਕੁਲ ਰੁਕਿਆ ਹੋਇਆ ਹੈ।
ਇਹ ਵੀ ਪੜੋ: ਪੁੱਤ ਬਣਿਆ ਕਪੁੱਤ, ਪੁੱਤ-ਨੂੰਹ ਤੋਂ ਪਰੇਸ਼ਾਨ ਬਜ਼ੁਰਗ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ