ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦੱਸ ਦਈਏ ਕਿ ਨਾਜਾਇਜ ਮਾਈਨਿੰਗ ਮਾਮਲੇ ਚ ਫਸੇ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਦੀ ਸਪੈਸ਼ਲ ਕੋਰਟ ਵੱਲੋਂ 14 ਦਿਨਾਂ ਲਈ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ।
ਦੱਸ ਦਈਏ ਕਿ ਭੁਪਿੰਦਰ ਹਨੀ ਨੂੰ ਈਡੀ ਵੱਲੋਂ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਭੁਪਿੰਦਰ ਹਨੀ ਦੇ ਠਿਕਾਣੇ ਤੋਂ ਈਡੀ ਨੂੰ ਅੱਠ ਕਰੋੜ ਰੁਪਏ ਕੈਸ਼, ਪੱਚੀ ਲੱਖ ਦਾ ਸੋਨਾ ਅਤੇ ਇਕ ਮਹਿੰਗੀ ਘੜੀ ਬਰਾਮਦ ਹੋਈ ਸੀ। ਇਸ ਤੋਂ ਬਾਅਦ ਈਡੀ ਵੱਲੋਂ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਵਿਖੇ ਆਪਣੇ ਦਫਤਰ ਬੁਲਾਇਆ ਗਿਆ ਸੀ ਅਤੇ ਦੇਰ ਰਾਤ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਦੇਰ ਰਾਤ ਹੀ ਹਨੀ ਨੂੰ ਗ੍ਰਿਫ਼ਤਾਰ ਕਰ ਉਸ ਦਾ ਮੈਡੀਕਲ ਕਰਵਾ ਲਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਮਾਈਨਿੰਗ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ (Bhupinder Singh Honey) ਨੂੰ ਈਡੀ ਵੱਲੋਂ 3 ਫਰਵਰੀ ਨੂੰ ਕਰੀਬ 7-8 ਘੰਟੇ ਪੁੱਛਗਿੱਛ ਤੋਂ ਬਾਅਦ ਗਿਫ਼ਤਾਰ ਕਰ ਲਿਆ ਗਿਆ ਸੀ ਅਤੇ 4 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਅਦਾਲਤ ਵੱਲੋਂ ਭੁਪਿੰਦਰ ਸਿੰਘ ਹਨੀ ਨੂੰ 4 ਦਿਨ੍ਹਾਂ ਲਈ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਈਡੀ ਵੱਲੋਂ ਉਸ ਨੂੰ ਦੁਬਾਰਾ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ 3 ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਈਡੀ ਵੱਲੋਂ 11 ਫਰਵਰੀ ਯਾਨੀ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਭੁਪਿੰਦਰ ਸਿੰਘ ਹਨੀ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ।