ਜਲੰਧਰ: ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਕੋਰੋਨਾ ਵਾਇਰਸ ਬਣਿਆ ਹੋਇਆ ਹੈ। ਇਸ ਵਾਇਰਸ ਨੇ ਦੁਨੀਆ ਭਰ ਵਿੱਚ ਦਹਿਸ਼ਤ ਫੈਲਾ ਰੱਖੀ ਹੈ ਅਤੇ ਹੁਣ ਤੱਕ ਇਸ ਨਾਲ ਕਰੀਬ 13000 ਮੌਤਾਂ ਹੋ ਚੁੱਕੀਆਂ ਹਨ। ਇਸੇ ਵਿੱਚ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਨੌਟੰਕੀ ਵਾਲੀਆਂ ਵੀਡੀਓ ਪਾ ਕੇ ਵਾਇਰਲ ਹੋਣ ਵਾਲੇ ਨੀਟੂ ਸ਼ਟਰਾਂ ਵਾਲੇ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕਿਹਾ ਕਿ ਉਸ ਨੇ ਇਸ ਬਿਮਾਰੀ ਦਾ ਇਲਾਜ ਲੱਭ ਲਿਆ ਹੈ। ਨੀਟੂ ਦੀ ਇਸ ਵੀਡੀਓ ਤੋਂ ਬਾਅਦ ਜਲੰਧਰ ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਸ਼ਨੀਵਾਰ ਰਾਤ ਨੂੰ ਨੀਟੂ ਸ਼ਟਰਾਂ ਵਾਲੇ ਨੇ ਆਪਣੇ ਫੇਸਬੁੱਕ 'ਤੇ ਲਾਈਵ ਹੋ ਕੇ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਦੀ ਦੇਸੀ ਦਵਾਈ ਦਾ ਤਿਆਰ ਕੀਤੀ ਹੈ, ਜਿਸ ਦਾ ਇੱਕ ਚਮਚਾ ਖਾਣ ਨਾਲ ਕੋਰੋਨਾ ਜੜ ਤੋਂ ਖ਼ਤਮ ਹੋ ਜਾਵੇਗਾ। ਨੀਟੂ ਨੇ ਵੀਡੀਓ ਵਿੱਚ ਇਹ ਵੀ ਕਿਹਾ ਕਿ ਉਸ ਨੇ ਅਮਰੀਕਾ ਅਤੇ ਚੀਨ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਇਲਾਜ ਲੱਭ ਲਿਆ ਹੈ।