ਜਲੰਧਰ: ਤੁਸੀਂ ਅਕਸਰ ਹੀ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਸਿਆਸੀ ਆਗੂਆਂ ਨੂੰ ਸਰਕਾਰਾਂ ਖ਼ਿਲਾਫ਼ ਧਰਨੇ ਦਿੰਦੇ ਹੋਏ ਵੇਖਿਆ ਹੋਵੇਗਾ। ਕੀ ਕਦੀ ਤੁਸੀਂ ਕਿਸੇ ਨੂੰ ਵਿਆਹ ਕਰਵਾਉਣ ਲਈ ਧਰਨਾ ਦਿੰਦੇ ਹੋਏ ਵੇਖਿਆ ਹੈ? ਜੇ ਤੁਹਾਡਾ ਉੱਤਰ ਨਾਂ ਵਿੱਚ ਹੈ ਤਾਂ ਤੁਸੀਂ ਇਸ ਖ਼ਬਰ ਦੇ ਜ਼ਰੀਏ ਵੇਖੋ ਕਿ ਕਿਸ ਤਰ੍ਹਾਂ ਇੱਕ ਲੜਕੀ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਧਰਨੇ 'ਤੇ ਬੈਠ ਕੇ ਪ੍ਰੇਮੀ ਨੂੰ ਵਿਆਹ ਕਰਵਾਉਣ ਦੀ ਮੰਗ ਕਰ ਰਹੀ ਹੈ।
ਵਿਆਹ ਕਰਵਾਉਣ ਤੋਂ ਮੁੱਕਰਿਆ ਪ੍ਰੇਮੀ, ਪ੍ਰੇਮਿਕਾ ਨੇ ਪ੍ਰੇਮੀ ਦੇ ਘਰ ਦੇ ਬਾਹਰ ਸ਼ੁਰੂ ਕੀਤਾ ਧਰਨਾ ਦਰਅਸਲ ਜਲੰਧਰ ਸ਼ਹਿਰ ਦੇ ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਇਲਾਕੇ ਰਸੀਲਾ ਨਗਰ ਦੇ ਇੱਕ ਘਰ ਦੇ ਬਾਰਹ ਇੱਕ 19 ਵਰਿ੍ਹਆਂ ਦੀ ਲੜਕੀ ਧਰਨੇ 'ਤੇ ਬੈਠੀ ਹੈ। ਇਸ ਲੜਕੀ ਦੀ ਮੰਗ ਹੈ ਕਿ ਉਸ ਦਾ ਪ੍ਰੇਮੀ ਉਸ ਨਾਲ ਵਿਆਹ ਕਰਵਾਏ।
ਧਰਨੇ 'ਤੇ ਬੈਠੀ ਇਸ ਲੜਕੀ ਨੇ ਦੱਸਿਆ ਕਿ ਬੀਤੇ 5 ਵਰਿ੍ਹਆਂ ਤੋਂ ਲੜਕੇ ਨਾਲ ਉਸ ਦੇ ਪ੍ਰੇਮ ਸਬੰਧ ਹਨ। ਹੁਣ ਜਦੋਂ ਉਸ ਨੇ ਆਪਣੇ ਪ੍ਰੇਮੀ ਨੂੰ ਵਿਆਹ ਕਰਵਾਉਣ ਲਈ ਆਖਿਆ ਤਾਂ ਉਹ ਮੁੱਕਰ ਗਿਆ। ਉਸ ਨੇ ਕਿਹਾ ਕਿ ਉਸ ਨੇ ਕਈ ਵਾਰ ਉਸ ਨੂੰ ਵਿਆਹ ਕਰਵਾਉਣ ਲਈ ਆਖਿਆ ਹੈ ਪਰ ਉਹ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੈ। ਲੜਕੀ ਨੇ ਦੱਸਿਆ ਕਿ ਉਸ ਦਾ ਪ੍ਰੇਮੀ ਨਾ ਤਾਂ ਆਪ ਵਿਆਹ ਕਰਵਾ ਰਿਹਾ ਹੈ ਅਤੇ ਨਾ ਹੀ ਕਿਸੇ ਹੋਰ ਥਾਂ 'ਤੇ ਉਸ ਦਾ ਵਿਆਹ ਹੋਣ ਦੇ ਰਿਹਾ ਹੈ। ਉਸ ਨੇ ਪ੍ਰੇਮੀ 'ਤੇ ਇਲਾਜ਼ਮ ਲਗਾਇਆ ਕਿ ਉਹ ਉਸ ਨੂੰ ਬਲੈਕਮੇਲ ਕਰਦਾ ਹੈ।
ਲੜਕੀ ਨੇ ਦੱਸਿਆ ਕਿ ਉਸ ਨੇ ਪੁਲਿਸ ਕੋਲ ਵੀ ਦਰਖਾਸਤ ਦਿੱਤੀ ਹੈ ਪਰ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ । ਉਸ ਨੇ ਕਿਹਾ ਲੜਕੇ ਦੇ ਪਰਿਵਾਰ ਵਾਲਿਆਂ ਨੇ ਉਸ 'ਤੇ ਹਮਲਾ ਵੀ ਕੀਤਾ। ਲੜਕੀ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਸ ਦਾ ਅਤੇ ਉਸ ਦੇ ਪ੍ਰੇਮੀ ਦਾ ਵਿਆਹ ਕਰਵਾਇਆ ਜਾਵੇ ਨਹੀਂ ਤਾਂ ਉਹ ਇਸੇ ਤਰ੍ਹਾਂ ਧਰਨੇ 'ਤੇ ਬੈਠੀ ਰਹੇਗੀ।