ਜਲੰਧਰ:ਪੰਜਾਬ ਵਿੱਚ 14 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਆਪਣੇ ਵੱਲੋਂ ਤਿਆਰੀਆਂ ਕਰਨ ਵਿੱਚ ਲੱਗੀਆਂ ਹੋਈਆਂ ਹਨ, ਕਈ ਪਾਰਟੀਆਂ ਵੱਲੋਂ ਇਨ੍ਹਾਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਹੈ।
ਜਲੰਧਰ ਵਿੱਚ ਵੀ ਚੋਣਾਂ ਦੇ ਚੱਲਦੇ ਕਾਂਗਰਸ, ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕਾ ਇੱਕ ਐਸਾ ਹਲਕਾ ਹੈ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਇੱਕ ਵਾਰ ਫਿਰ ਚੋਣ ਲੜਨ ਜਾ ਰਹੇ ਹਨ, ਫਿਲਹਾਲ ਪਰਗਟ ਸਿੰਘ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਹਨ।
ਜਲੰਧਰ ਛਾਉਣੀ ਹਲਕੇ ਵਿੱਚ ਇਸ ਵੇਲੇ ਕਾਂਗਰਸ ਵੱਲੋਂ ਪਰਗਟ ਸਿੰਘ, ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗਠਜੋੜ ਵੱਲੋਂ ਜਗਬੀਰ ਸਿੰਘ ਬਰਾੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੂਰਵ ਆਈ.ਪੀ.ਐਸ ਅਤੇ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੀ ਚੋਣ ਮੈਦਾਨ ਵਿੱਚ ਹਨ, ਫਿਲਹਾਲ ਇਸ ਹਲਕੇ ਤੋਂ ਹਜੇ ਭਾਜਪਾ ਦੇ ਨਾਲ ਨਾਲ ਕਿਸਾਨਾਂ ਵੱਲੋਂ ਵੀ ਆਪਣੇ ਉਮੀਦਵਾਰ ਘੋਸ਼ਿਤ ਕੀਤੇ ਜਾਣੇ ਹਨ।
ਜਲੰਧਰ ਕੈਂਟ ਹਲਕੇ ਵਿੱਚ ਅਹਿਮ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਵਿਚ ਹੈ। ਉੱਧਰ ਇਸ ਸੀਟ ਤੋਂ ਪਿਛਲੀ ਵਾਰ ਅਕਾਲੀ ਦਲ ਵੱਲੋਂ ਚੋਣ ਹਾਰ ਚੁੱਕੇ ਸਰਬਜੀਤ ਸਿੰਘ ਮੱਕੜ ਜੋ ਹੁਣ ਭਾਜਪਾ ਜੁਆਇਨ ਕਰ ਚੁੱਕੇ ਹਨ ਵੀ ਆਪਣੇ ਆਪ ਨੂੰ ਭਾਜਪਾ ਵੱਲੋਂ ਚੋਣ ਲੜਨ ਲਈ ਤਿਆਰ ਕਰ ਰਹੇ ਹਨ।