ਜਲੰਧਰ:ਭਾਰਤ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ 2022(Assembly Elections 2022) ਦੀ ਸਮਾਂ ਸਾਰਣੀ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਤੁਰੰਤ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾਂ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਸਮੂਹ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਕਿ ਆਦਰਸ਼ ਚੋਣ ਜ਼ਾਬਤਾ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਸ ਵਿਚ ਕਿਸੇ ਕਿਸਮ ਦੀ ਢਿੱਲ ਮੱਠ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ, ਵਿਭਾਗ ਦੀਆਂ ਵੈਬਸਾਈਟਾਂ ਅਤੇ ਵੈਬ ਪੇਜਾਂ ਆਦਿ ਤੋਂ ਸਿਆਸੀ ਆਗੂਆਂ ਦੀਆਂ ਤਸਵੀਰਾਂ ਅਤੇ ਪੋਸਟਰ ਆਦਿ ਤੁਰੰਤ ਲਾਹੁਣ ਦੇ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ, ਬਿਲਡਿੰਗਾਂ ਅਤੇ ਕੰਪਲੈਕਸਾਂ ਵਿਚੋਂ ਵੀ ਸਿਆਸੀ ਪੋਸਟਰ, ਹੋਰਡਿੰਗ, ਬੈਨਰ ਆਦਿ ਤੁਰੰਤ ਉਤਾਰੇ ਜਾਣ, ਇਸੇ ਤਰ੍ਹਾਂ ਉਨ੍ਹਾਂ ਨੇ ਨਗਰ ਨਿਗਮ ਜਲੰਧਰ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦੇ ਦਫ਼ਤਰ ਅਤੇ ਹੋਰਨਾਂ ਸੰਬੰਧਤ ਅਦਾਰਿਆਂ ਨੂੰ ਵੀ ਚੋਣ ਜ਼ਾਬਤੇ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਸਰਕਾਰੀ ਬਿਲਡਿੰਗਾਂ ਤੋਂ ਸਿਆਸੀ ਇਸ਼ਤਿਹਾਰ 48 ਘੰਟਿਆਂ ਵਿੱਚ ਅਤੇ ਨਿੱਜੀ ਪ੍ਰਾਪਰਟੀਆਂ ਤੋਂ ਇਹ ਇਸ਼ਤਿਹਾਰ 72 ਘੰਟਿਆਂ ਵਿੱਚ ਉਤਾਰੇ ਜਾਣ।
ਜਲੰਧਰ ਵਿੱਚ 9 ਵਿਧਾਨ ਸਭਾ ਹਲਕੇ 16,50,867 ਵੋਟਰ ਤੇ 1974 ਪੋਲਿੰਗ ਸਟੇਸ਼ਨ
ਡਿਪਟੀ ਕਮਿਸ਼ਨਰ ਜਲੰਧਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਲੰਧਰ ਜ਼ਿਲੇ ਵਿਚ 9 ਵਿਧਾਨ ਸਭਾ ਹਲਕਿਆਂ ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਛਾਉਣੀ, ਜਲੰਧਰ ਪੱਛਮੀ, ਕਰਤਾਰਪੁਰ, ਨਕੋਦਰ, ਆਦਮਪੁਰ, ਫਿਲੌਰ ਅਤੇ ਸ਼ਾਹਕੋਟ ਹਲਕਿਆਂ ਵਿੱਚ 16,50,867 ਵੋਟਰ ਅਤੇ 1974 ਪੋਲਿੰਗ ਸਟੇਸ਼ਨ ਹਨ।
ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੋੜੀਂਦੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਮੁੱਖ ਚੋਣ ਅਧਿਕਾਰੀ ਨੇ ਜਾਣੂੰ ਕਰਵਾਇਆ ਗਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਲਗਭਗ 78.84 ਫੀਸਦੀ ਲਾਈਸੈਂਸ ਹਥਿਆਰ ਪਹਿਲਾਂ ਹੀ ਜਮ੍ਹਾ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ 1163 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ।