ਜਲੰਧਰ:ਇੱਕ ਪਾਸੇ ਜਿੱਥੇ 2022 ਦੀਆਂ ਵਿਧਾਨਸਭਾ ਚੋਣਾਂ ( Assembly Elections 2022) ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਉਮੀਦਾਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਅਜਿਹੇ ਵੀ ਹਨ ਜੋ ਪਿਛਲੇ ਕਈ ਦਹਾਕਿਆਂ ਤੋਂ ਬਾਦਲ ਪਰਿਵਾਰ ਨਾਲ ਜੁੜੇ ਹੋਣ ਦੇ ਬਾਵਜੁਦ ਇਸ ਵਾਰ ਅਕਾਲੀ ਦਲ ਦੀ ਸੀਟ ਤੋਂ ਖੁੰਝ ਗਏ ਹਨ, ਜਿਸ ਕਾਰਨ ਉਹ ਪਾਰਟੀ ਨਾਲ ਕਾਫੀ ਨਾਰਾਜ ਚਲ ਰਹੇ ਹਨ।
ਈਟੀਵੀ ਭਾਰਤ ਦੇ ਪ੍ਰੋਗਰਾਮ ਦਸ ਵਿੱਚ ਬੱਸ ਚ ਅਸੀਂ ਗੱਲ ਕਰਨ ਜਾ ਰਹੇ ਹਾਂ ਅਜਿਹੇ ਹੀ ਇੱਕ ਲੀਡਰ ਬਾਰੇ ਜੋ ਜਲੰਧਰ ਤੋਂ ਆਦਮਪੁਰ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਪਿਛਲੀ ਵਾਰ ਜਲੰਧਰ ਛਾਉਣੀ ਤੋਂ ਚੋਣਾਂ ਲੜ ਚੁੱਕੇ ਸਰਬਜੀਤ ਮੱਕੜ ਇਸ ਵਾਰ ਅਕਾਲੀ ਦਲ ਤੋਂ ਬਹੁਤੇ ਨਾਰਾਜ਼ ਹਨ..ਪੇਸ਼ ਹੈ ਉਨ੍ਹਾਂ ਨਾਲ ਖਾਸ ਗੱਲਬਾਤ...
ਸਵਾਲ... ਅਕਾਲੀ ਦਲ ਤੋਂ ਨਿਰਾਸ਼ ਹੋਣ ਤੋਂ ਬਾਅਦ ਹੁਣ ਅੱਗੇ ਕੀ ਪ੍ਰੋਗਰਾਮ ਹੈ ?
ਜਵਾਬ... ਸਰਬਜੀਤ ਮੱਕੜ ਕਹਿੰਦੇ ਹਨ ਕਿ ਉਨ੍ਹਾਂ ਕੋਲ ਜਲੰਧਰ ਛਾਉਣੀ ਦੀ ਜ਼ਿੰਮੇਵਾਰੀ ਸੀ ਅਤੇ ਉਹ ਇਸ ਨੂੰ ਪੰਜ ਛੇ ਸਾਲ ਤੋਂ ਨਿਭਾ ਵੀ ਰਹੇ ਸਨ। ਪਰ ਅਚਾਨਕ ਅਕਾਲੀ ਦਲ ਵੱਲੋਂ ਇਕ ਪੁਰਾਣੇ ਐਮਐਲਏ ਜਗਬੀਰ ਸਿੰਘ ਬਰਾੜ ਨੂੰ ਵਾਪਸ ਲੈ ਆਉਂਦਾ ਗਿਆ ਅਤੇ ਛਾਉਣੀ ਦੀ ਸੀਟ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਅੱਜਕੱਲ੍ਹ ਇਹ ਪਾਰਟੀਆਂ ਵਿਚ ਆਮ ਹੁੰਦਾ ਹੈ। ਅੱਜਕੱਲ੍ਹ ਪਾਟੀਆਂ ਰਿਸ਼ਤੇਦਾਰੀਆਂ ਨੂੰ ਨਿਭਾਉਂਦੇ ਹੋਏ ਆਪਣੇ ਪੁਰਾਣੇ ਵਰਕਰਾਂ ਨੂੰ ਭੁੱਲ ਜਾਂਦੀਆਂ ਹਨ ਜਾਂ ਫਿਰ ਇਹੋ ਜਿਹੇ ਕੰਮ ਵਿੱਚ ਪੈਸਾ ਵੀ ਚੱਲ ਜਾਂਦਾ ਹੈ। ਆਪਣੇ ਅਗਲੇ ਪ੍ਰੋਗਰਾਮ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਚੋਣਾਂ ਜਲੰਧਰ ਛਾਉਣੀ ਇਲਾਕੇ ਤੋਂ ਹੀ ਲੜਨਗੇ ਭਾਵੇਂ ਅਕਾਲੀ ਦਲ ਉਨ੍ਹਾਂ ਨੂੰ ਸੀਟ ਨਾ ਦੇਵੇ।
ਸਵਾਲ... 2017 ਤੋਂ ਹੁਣ ਤੱਕ ਜਲੰਧਰ ਦਾ ਕਿੰਨਾ ਕੁ ਵਿਕਾਸ ਹੋਇਆ ਹੈ ?
ਜਵਾਬ... ਸਰਬਜੀਤ ਮੱਕੜ ਦਾ ਕਹਿਣਾ ਹੈ ਕਿ ਚਾਰ ਸਾਲ ਤਾਂ ਰਾਜਨੀਤਿਕ ਪਾਰਟੀਆਂ ਐਵੇਂ ਹੀ ਲੰਘਾ ਦਿੰਦੀਆਂ ਹਨ ਅਤੇ ਅਖੀਰਲੇ ਸਾਲ ਆ ਕੇ ਕੰਮ ਸ਼ੁਰੂ ਕਰ ਦਿੰਦੀਆਂ ਹਨ ਜਿਸ ਨਾਲ ਸਿਰਫ਼ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਪੈਸਾ ਦੋ ਹੱਥਾਂ ਵਿੱਚ ਚਲਾ ਜਾਂਦਾ ਹੈ। ਉਨ੍ਹਾਂ ਮੁਤਾਬਕ ਪਹਿਲੇ ਕੈਪਟਨ ਨੇ ਕੁਝ ਨਹੀਂ ਕੀਤਾ ਅਤੇ ਹੁਣ ਚੰਨੀ ਜੀ ਆ ਗਏ ਨੇ ਜੋ ਤੇਜ਼ੀ ਨਾਲ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਯੋਜਨਾਵਾਂ ਬਣਾਉਣੀਆਂ ਬਹੁਤ ਆਸਾਨ ਹਨ ਪਰ ਉਨ੍ਹਾਂ ਨੂੰ ਇੰਪਲੀਮੈਂਟ ਕਰਨ ਨੂੰ ਸਮਾਂ ਲੱਗਦਾ ਹੈ। ਉਨ੍ਹਾਂ ਮੁਤਾਬਕ ਨੇਤਾਵਾਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਕੰਮ ਸਮੇਂ ਸਿਰ ਹੋ ਜਾਵੇ ਕਿਉਂਕਿ ਉਨ੍ਹਾਂ ਨੇ ਚੋਣਾਂ ਲੜਣੀਆਂ ਹੁੰਦੀਆਂ ਹਨ ਪਰ ਅਫ਼ਸਰ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਉਨ੍ਹਾਂ ਮੁਤਾਬਕ ਅੱਜਕੱਲ੍ਹ ਸਰਕਾਰਾਂ ਸਿਰਫ਼ ਗੱਲਾਂ ਹੀ ਕਰਦੀਆਂ ਹਨ ਕੰਮ ਨਹੀਂ।
ਸਵਾਲ... ਕਰੀਬ ਚਾਰ ਹਜ਼ਾਰ ਉਦਯੋਗ ਜਲੰਧਰ ਤੋਂ ਬਾਹਰ ਚਲੇ ਗਏ..ਤੁਸੀਂ ਇਸ ਲਈ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ?
ਜਵਾਬ...ਉਨ੍ਹਾਂ ਮੁਤਾਬਕ ਉਦਯੋਗਾਂ ਦਾ ਇਸ ਤਰ੍ਹਾਂ ਸ਼ਹਿਰੋਂ ਬਾਹਰ ਜਾਣ ਲਈ ਸਰਕਾਰਾਂ ਜ਼ਿੰਮੇਵਾਰ ਹਨ। ਕਿਸੇ ਵੀ ਅਰਥਵਿਵਸਥਾ ਦਾ ਕਮਾਊ ਪੁੱਤ ਉਦਯੋਗ ਹੁੰਦੇ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਉਦਯੋਗਾਂ ਲਈ ਪਾਣੀ ਇੱਕ ਕੱਚੇ ਮਟੀਰੀਅਲ ਦੇ ਤੌਰ ’ਤੇ ਕੰਮ ਆਉਂਦਾ ਹੈ ਪਰ ਅੱਜ ਪੰਜਾਬ ਦਾ ਪਾਣੀ ਵੀ ਕਰੀਬ 400 ਫੁੱਟ ਹੇਠਾਂ ਚਲਾ ਗਿਆ ਹੈ। ਸਰਬਜੀਤ ਮੱਕੜ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਦਯੋਗਾਂ ਨੂੰ ਬਚਾਇਆ ਜਾਏ ਤਾਂ ਕਿ ਅਰਥ ਵਿਵਸਥਾ ਨੂੰ ਠੀਕ ਢੰਗ ਨਾਲ ਚਲਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰ ਉਦਯੋਗਾਂ ਵੱਲ ਸਹੀ ਧਿਆਨ ਨਹੀਂ ਦਿੰਦੀ ਤਾਂ ਇਲਾਕੇ ਦੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਰੌਲਾ ਪਾ ਕੇ ਸਰਕਾਰ ਦਾ ਇਸ ਵੱਲ ਧਿਆਨ ਦਿਵਾਉਣ।
ਸਵਾਲ...ਅਧਿਆਪਕ ਲਈ ਸਰਕਾਰ ਕੁਝ ਨਹੀਂ ਕਰ ਰਹੀ ਤੁਸੀਂ ਇਸ ਬਾਰੇ ਕੀ ਕਹੋਗੇ?
ਜਵਾਬ... ਉਨ੍ਹਾਂ ਕਿਹਾ ਕਿ ਸਰਕਾਰ ਦੇ ਝੂਠੇ ਵਾਅਦਿਆਂ ਕਰਕੇ ਅੱਜ ਜਲੰਧਰ ਵਿੱਚ ਅਧਿਆਪਕ ਸੜਕਾਂ ’ਤੇ ਬੈਠਣ ਨੂੰ ਮਜਬੂਰ ਹਨ ਜਿਸ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ ਸਰਕਾਰ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਵਾਅਦੇ ਤਾਂ ਕਰ ਦਿੰਦੀ ਹੈ ਪਰ ਇਹ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹਦੇ। ਸਰਬਜੀਤ ਮੱਕੜ ਕਹਿੰਦੇ ਹਨ ਕਿ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ ਕਿਉਂਕਿ ਦਸ ਹਜ਼ਾਰ ਰੁਪਏ ਮਹੀਨੇ ਵਿੱਚ ਨਾ ਤਾਂ ਗੁਜ਼ਾਰਾ ਹੁੰਦਾ ਹੈ ਅਤੇ ਨਾ ਹੀ ਕੋਈ ਆਮ ਆਦਮੀ ਪ੍ਰਾਈਵੇਟ ਨੌਕਰੀ ਤੱਕ ਕਰਦਾ ਹੈ। ਇਹ ਲੋਕ ਸਿਰਫ਼ ਸਰਕਾਰੀ ਨੌਕਰੀ ਕਰਕੇ ਹੀ ਇਸ ਕੰਮ ਨੂੰ ਕਰ ਲੈਂਦੇ ਹਨ ਪਰ ਜੇਕਰ ਪੱਕਾ ਨਾ ਕੀਤਾ ਜਾਵੇ ਤਾਂ ਇਨ੍ਹਾਂ ਦੇ ਮਨ ਵਿਚ ਮਲਾਲ ਜ਼ਰੂਰ ਰਹਿੰਦਾ ਹੈ ਜਿਸ ਕਰਕੇ ਇਹ ਸੜਕਾਂ ’ਤੇ ਬੈਠਣ ਨੂੰ ਮਜਬੂਰ ਹਨ।
ਸਵਾਲ...ਭਾਜਪਾ ਦੇ ਤਿੰਨ ਕਾਨੂੰਨ ਵਾਪਸ ਲੈ ਲਏ ਇਸ ਦਾ ਫ਼ਾਇਦਾ ਕਿਸ ਨੂੰ ਹੋਵੇਗਾ?
ਜਵਾਬ... ਸਰਬਜੀਤ ਮੱਕੜ ਨੇ ਕਿਹਾ ਕਿ ਇਹ ਤਾਂ ਬਹੁਤ ਵੱਡਾ ਕੰਮ ਹੋਇਆ ਹੈ ਕਿ ਭਾਜਪਾ ਵੱਲੋਂ ਤਿੰਨ ਕਿਸਾਨੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਗਿਆ ਹੈ। ਅਸੀਂ ਤਾਂ ਸੋਚਦੇ ਸੀ ਕਿ ਇਹ ਹਾਲਾਤ ਕੁਝ ਉਂਝ ਹੋ ਜਾਣਗੇ ਜਿਵੇਂ ਉਸ ਸਮੇਂ ਹੋਏ ਸੀ ਜਦੋ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਨੇਤਾਵਾਂ ਤਕ ਨੂੰ ਅੰਦਰ ਕਰ ਦਿੱਤਾ ਸੀ ਉਨ੍ਹਾਂ ਮੁਤਾਬਕ ਜਦੋ ਕਾਨੂੰਨ ਵਾਪਸ ਲਏ ਗਏ ਤਾਂ ਪੂਰਾ ਪੰਜਾਬ ਹੀ ਨਹੀਂ ਪੂਰਾ ਦੇਸ਼ ਹਿੱਲ ਗਿਆ। ਜੇਕਰ ਅਜਿਹਾ ਨਾ ਹੁੰਦਾ ਤਾਂ ਚੋਣਾਂ ਨਹੀਂ ਹੋਣੀਆਂ ਸੀ। ਉਨ੍ਹਾਂ ਮੁਤਾਬਕ ਅੱਗੇ ਕਿਸਾਨ ਇਕੱਠੇ ਨਹੀਂ ਹੁੰਦੇ ਸੀ ਪਰ ਹੁਣ ਜੇ ਕੋਈ ਪੰਜਾਬ ਬਾਰੇ ਫ਼ੈਸਲਾ ਲਵੇਗਾ ਤਾਂ ਸੋਚ ਸਮਝ ਕੇ ਲਵੇਗਾ। ਉਨ੍ਹਾਂ ਤਿੰਨ ਕਾਨੂੰਨ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ।