ਜਲੰਧਰ: ਅਕਸਰ ਹੀ ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਜਿਥੇ ਕਈ ਪੁਲਿਸ ਮੁਲਾਜ਼ਮ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ, ਉਥੇ ਹੀ ਕੁੱਝ ਪੁਲਿਸ ਮੁਲਾਜ਼ਮਾਂ ਦੇ ਕਾਰਨ ਪੁਲਿਸ ਵਿਭਾਗ ਬਦਨਾਮ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਜਲੰਧਰ 'ਚ ਸਾਹਮਣੇ ਆਇਆ ਹੈ ਜਿਥੇ ਇੱਕ ਪੁਲਿਸ ਮੁਲਾਜ਼ਮ ਨੂੰ ਦਬੰਗ ਬਣਨਾ ਮਹਿੰਗਾ ਪੈ ਗਿਆ ਤੇ ਉਸ ਨੂੰ ਵਿਭਾਗ ਵੱਲੋਂ ਸਸਪੈਂਡ ਕਰ ਦਿੱਤਾ ਗਿਆ।
ਖਿਡਾਰੀ ਨਾਲ ਕੁੱਟਮਾਰ ਕਰਨ ਦੇ ਰੋਸ ਵੱਜੋਂ ਹੋਰਨਾਂ ਖਿਡਾਰੀਆਂ ਨੇ ਹੁਸ਼ਿਆਰਪੁਰ-ਜਲੰਧਰ ਹਾਈਵੇ 'ਤੇ ਸਥਿਤ ਆਦਮਪੁਰ ਥਾਣੇ ਅੱਗੇ ਪੰਜਾਬ ਪੁਲਿਸ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਕਾਰਨ ਸੜਕ 'ਤੇ ਭਾਰੀ ਜਾਮ ਲੱਗ ਗਿਆ ਤੇ ਰਾਹਗੀਰਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਏਐਸਆਈ ਨੂੰ ਦਬੰਗ ਬਣਨਾ ਪਿਆ ਮਹਿੰਗਾ ਖਿਡਾਰੀਆਂ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪੀੜਤ ਸਾਥੀ ਹਰਦੀਪ ਕੁਮਾਰ ਰੋਜ਼ਾਨਾ ਸਪੋਰਟਸ ਸਟੇਡੀਅਮ ਆਦਮਪੁਰ ਵਿਖੇ ਪ੍ਰੈਕਟਿਸ ਕਰਨ ਲਈ ਜਾਂਦੇ ਹਨ। ਰੋਜ਼ਾਨਾਂ ਵਾਂਗ ਹਰਦੀਪ ਤੇ ਉਹ ਸਾਰੇ ਪ੍ਰੈਕਟਿਸ ਲਈ ਗਏ। ਪ੍ਰੈਕਟਿਸ ਖ਼ਤਮ ਹੋਣ ਤੋਂ ਬਾਅਦ ਉਹ ਅਰਾਮ ਕਰਨ ਲਈ ਬੈਠ ਗਏ। ਇਸੇ ਦੌਰਾਨ ਆਦਮਪੁਰ ਥਾਣੇ ਅਧੀਨ ਤਾਇਨਾਤ ਏਐਸਆਈ ਰਵਿੰਦਰ ਸਿੰਘ ਕੁੱਝ ਮੁਲਾਜ਼ਮਾਂ ਨਾਲ ਉਥੇ ਆਏ ਤੇ ਉਨ੍ਹਾਂ ਨੇ ਹਰਦੀਪ ਸਣੇ ਹੋਰਨਾਂ ਖਿਡਾਰੀਆਂ ਨਾਲ ਗਾਲੀ-ਗਲੌਚ ਕੀਤਾ। ਰੋਕੇ ਜਾਣ 'ਤੇ ਉਨ੍ਹਾਂ ਨੇ ਹਰਦੀਪ ਨਾਲ ਬੇਰਿਹਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਬਚਾਅ ਕਰਨ ਵਾਲੇ ਖਿਡਾਰੀਆਂ ਚੋਂ ਕੁੱਝ ਦੇ ਮੋਬਾਈਲ ਫੋਨ ਟੁੱਟ ਗਏ। ਇਸ ਘਟਨਾ 'ਚ ਹਰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ, ਉਸ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਡੀਐਸਪੀ ਸੁਰਿੰਦਰਪਾਲ ਸਿੰਘ ਵੱਲੋਂ ਏਐਸਆਈ ਰਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਦੇ ਬਿਆਨ ਮੁਤਾਬਕ ਪੁਲਿਸ ਮੁਲਾਜ਼ਮ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :‘14 ਅਗਸਤ ਨੂੰ ਮਨਾਇਆ ਜਾਵੇਗਾ ‘ਵੰਡ ਯਾਦਗਾਰ ਦਿਵਸ’