ਜਲੰਧਰ: ਜ਼ਿਲ੍ਹੇ ’ਚ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਕੋਵਿਡ-19 ਫਤਹਿ ਵੱਲੋਂ ਭੱਤਾ ਬੰਦ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਸਿਵਲ ਸਰਜਨਾਂ ਦੇ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਰੋਸ ਧਰਨੇ ਨੂੰ ਜਥੇਬੰਦੀ ਦੇ ਆਗੂ ਮਨਦੀਪ ਕੌਰ ਸੰਧੂ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੀ ਮੁਹਿੰਮ ਪੂਰੇ ਜੋਰਾਂ ’ਤੇ ਚਲ ਰਹੀ ਹੈ ਜਿਸ ਵਿੱਚ ਵਰਕਰਾਂ ਪਾਸੋਂ ਇਸ ਮੁਹਿੰਮ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦਾ ਕੰਮ ਲਿਆ ਜਾ ਰਿਹਾ ਹੈ। ਇਸ ਦੇ ਉਲਟ ਕੇਂਦਰ ਅਤੇ ਪੰਜਾਬ ਸਰਕਾਰ ਵਰਕਰਾ ਨੂੰ ਮਿਲਣ ਵਾਲਾ ਮਿਹਨਤਾਨਾ 31 ਮਾਰਚ ਤੋਂ ਬੰਦ ਕਰਕੇ ਉਹਨਾ ਨਾਲ ਧੱਕਾ ਕਰ ਰਹੀ ਹੈ।
ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦਾ ਰੋਸ ਪ੍ਰਦਰਸ਼ਨ
ਆਗੂਆ ਨੇ ਇਹ ਵੀ ਦੋਸ਼ ਲਗਾਇਆ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਸੇਵਨ ਕਰਦੇ ਨੌਜਵਾਨਾ ਦਾ ਸਰਵੇਖਣ ਕਰਨ ਲਈ ਆਸ਼ਾ ਵਰਕਰਾ ਦੀਆਂ ਡਿਊਟੀਆਂ ਲਗਾਇਆ ਜਾ ਰਹੀਆ ਹਨ ਜਦਕਿ ਇਹ ਕੰਮ ਪੁਲਿਸ ਵਿਭਾਗ ਦੇ ਨਾਰਕੋਟਿਕਸ ਸੈੱਲ ਦਾ ਹੈ।
ਜਥੇਬੰਦੀ ਦੀ ਆਗੂ ਕੁਲਜੀਤ ਕੌਰ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੇ ਫਿਕਸ ਕੀਤੇ ਪੱਕੇ ਭੱਤੇ 2500 ਰੁਪਏ ਨੂੰ ਦੇਣ ਦੀ ਥਾਂ ’ਤੇ ਨਵੀਂ ਬਣੀ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਇਸ ਭੱਤੇ ਨੂੰ ਦੁੱਗਣਾ ਕਰਨ ਦੀ ਥਾਂ ਪਹਿਲਾਂ ਵਾਲਾ ਭੱਤਾ ਖੋ ਰਹੀ ਹੈ। ਇੱਕ ਪਾਸੇ ਤਾਂ ਸਰਕਾਰ ਅਗਸਤ ਮਹੀਨੇ ਤੋਂ ਦਿੱਲੀ ਪੈਟਰਨ ’ਤੇ ਮਹੁੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਲਾਅਰੇ ਲਗਾ ਰਹੀ ਹੈ, ਪਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਤੌਰ ’ਤੇ ਜਾਣੀਆਂ ਜਾਂਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਘੱਟੋ ਘੱਟ ਉਜਰਤ ਕਾਨੂੰਨ ਅਨੁਸਾਰ ਤਨਖਾਹ ਦੇਣ, ਮੈਡੀਕਲ ਬੀਮਾ, ਪੀ ਐਫ ਕੱਟਣ, ਵਰਦੀਆਂ ਦੇਣ, ਸਟੇਸ਼ਨਰੀ ਆਦਿ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ 24 ਜੂਨ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਧਰਨੇ ਦੌਰਾਨ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ।
ਇਹ ਵੀ ਪੜੋ:ਚੰਡੀਗੜ੍ਹ ਪੁਲਿਸ ਨੇ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਨੂੰ ਮਾਰੇ ਧੱਕੇ !