ਜਲੰਧਰ:ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੇੜੇ ਆ ਰਹੀਆਂ, ਉਵੇਂ ਹੀ ਹਰ ਪਾਰਟੀ ਪੱਬਾਂ ਭਾਰ ਹੋ ਰਹੀ ਹੈ ਤਾਂ ਜੋ ਕੁਰਸੀ ਹਾਸਲ ਕੀਤੀ ਜਾ ਸਕੇ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਪੰਜਾਬ ਦੇ ਦੌਰੇ ਕੀਤੇ ਜਾ ਰਹੇ ਹਨ।
ਕੇਜਰੀਵਾਲ ਦੀਆਂ ਜਲੰਧਰ ਨੂੰ ਦੋ ਗਰੰਟੀਆਂ
ਅਰਵਿੰਦ ਕੇਜਰੀਵਾਲ ਨੇ ਜਲੰਧਰ ਨੂੰ ਤਿਰੰਗਾ ਯਾਤਰਾ ਦੌਰਾਨ ਜਲੰਧਰ ਨੂੰ ਦੋ ਗਰੰਟੀਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਜਲੰਧਰ ’ਚ ਇੱਕ ਇੰਟਰਨੈਸ਼ਨਲ ਏਅਰਪੋਰਟ ਬਣਾਇਆ ਜਾਵੇਗਾ। ਤਾਂਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆ ਸਕੇ। ਦੂਜੀ ਗਰੰਟੀ ਬਾਰੇ ਦੱਸਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲੰਧਰ ਚ ਦੇਸ਼ ਦੀ ਸਭ ਤੋਂ ਵੱਡੀ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਚ ਕਿਧਰੇ ਵੀ ਖੇਡਾਂ ਹੁੰਦੀਆਂ ਤਾਂ ਜਲੰਧਰ ਚੋਂ ਹੀ ਖੇਡਾਂ ਦਾ ਸਾਮਾਨ ਜਾਂਦਾ ਹੈ।
ਤਿਰੰਗਾ ਯਾਤਰਾ ਦੀ ਅਗਵਾਈ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਇਹ ਤਿਰੰਗਾ ਯਾਤਰਾ ਦੇਸ਼ਭਗਤੀ ਦੀ ਯਾਤਰਾ ਹੈ। ਇਹ ਯਾਤਰਾ ਪੰਜਾਬ ਦੀ ਅਮਨ ਸ਼ਾਂਤੀ ਦੀ ਯਾਤਰਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਸਮਾਂ ਦੇਖਿਆ ਹੈ। ਕੋਈ ਵੀ ਪੰਜਾਬੀ ਅਜਿਹਾ ਸਮਾਂ ਨਹੀਂ ਦੇਖਣਾ ਚਾਹੁੰਦਾ। ਇਸੇ ਲਈ ਪੰਜਾਬ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ ਦੇ ਲਈ ਅਸੀਂ ਸਾਰੇ ਇੱਕਠੇ ਹੋ ਕੇ ਕੰਮ ਕਰਾਂਗੇ। ਪੰਜਾਬ ਦੀ ਖੁਸ਼ਹਾਲੀ ਦੇ ਲਈ ਇਹ ਤਿਰੰਗਾ ਯਾਤਰਾ ਕੀਤੀ ਗਈ ਹੈ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦੋ ਹੋਰ ਗਰੰਟੀਆਂ ਦਿੱਤੀਆਂ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਲੰਧਰ ਵਿਖੇ ਪਹੁੰਚ ਚੁੱਕੇ ਹਨ। ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।