ਜਲੰਧਰ: ਅੰਮ੍ਰਿਤਸਰ ਦੇ ਜੋੜਾ ਫਾਟਕ ਵਿਖੇ ਬੀਤੇ ਸਾਲ 18 ਅਕਤੂਬਰ ਨੂੰ ਦੁਸਹਿਰੇ ਦਾ ਪ੍ਰੋਗਰਾਮ ਦੇਖਣ ਆਏ ਲੋਕ ਟ੍ਰੇਨ ਹੇਠਾਂ ਆਉਣ ਕਾਰਨ ਦਰਦਨਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਹਾਦਸੇ 'ਚ 58 ਲੋਕਾਂ ਦੀ ਮੌਤ ਹੋ ਗਈ ਜਦ ਕਿ 70 ਲੋਕ ਗੰਭੀਰ ਜ਼ਖਮੀ ਹੋਏ ਸਨ। ਸਵਾ ਸਾਲ ਬਾਅਦ ਹਾਦਸੇ ਦੀ ਰਿਪੋਰਟ ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਰਿਪੋਰਟ ਵਿੱਚ ਅੰਮ੍ਰਿਤਸਰ ਨਗਰ ਨਿਗਮ ਨੂੰ ਵੀ ਦੋਸ਼ੀ ਠਹਿਰਾਏ ਜਾਣ ਦੀ ਪੁਸ਼ਟੀ ਹੋਈ ਹੈ।
ਕਿਸੇ ਵੀ ਸ਼ਹਿਰ ਅੰਦਰ ਕਿਸੇ ਵੀ ਤਰੀਕੇ ਦੇ ਪ੍ਰੋਗਰਾਮ ਦਾ ਆਯੋਜਨ ਕਰਨ ਤੋਂ ਪਹਿਲੇ ਕਈ ਮਹਿਕਮਿਆਂ ਤੋਂ ਇਸ ਦੀ ਇਜਾਜ਼ਤ ਲੈਣੀ ਪੈਂਦੀ ਹੈ। ਪਰ ਇਸ ਆਯੋਜਨ ਲਈ ਆਯੋਜਕਾਂ ਵੱਲੋਂ ਕਿਸੇ ਵੀ ਮਹਿਕਮੇ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਇਸ ਗੱਲ ਦੀ ਪੁਸ਼ਟੀ ਉਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਹੋਈ ਹੈ ਜੋ ਉਸ ਵੇਲੇ ਹਾਦਸੇ ਤੋਂ ਇੱਕ ਮਹੀਨੇ ਦੇ ਅੰਦਰ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਵੱਲੋਂ ਸਰਕਾਰ ਨੂੰ ਸੌਂਪੀ ਗਈ ਸੀ।
ਰਿਪੋਰਟ ਵਿੱਚ ਲਿਖਿਆ ਗਿਆ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਮੁਲਾਜ਼ਮਾਂ ਉਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਹੋਏ ਡਿਊਟੀ ਵਿੱਚ ਅਣਗਹਿਲੀ ਵਰਤੀ ਹੈ। ਇਸ ਦੇ ਨਤੀਜੇ ਵਜੋਂ ਇਹ ਵੱਡਾ ਹਾਦਸਾ ਵਾਪਰ ਗਿਆ। ਅੰਮ੍ਰਿਤਸਰ ਨਗਰ ਨਿਗਮ ਦੇ ਸਟੇਟ ਅਫਸਰ ਸੁਸ਼ਾਂਤ ਭਾਟੀਆ ਅਤੇ ਏਰੀਆ ਇੰਸਪੈਕਟਰ ਕੇਵਲ ਕਿਸ਼ਨ ਨੂੰ ਇਸ ਲਈ ਦੋਸ਼ੀ ਪਾਇਆ ਗਿਆ ਹੈ, ਕਿਉਂਕਿ ਕਾਰਯਕ੍ਰਮ ਦੀ ਜਾਣਕਾਰੀ ਹੁੰਦੇ ਹੋਏ ਵੀ ਉਨ੍ਹਾਂ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਰਿਪੋਰਟ 'ਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੀ ਡਿਊਟੀ ਸੀ ਕਿ ਜੇਕਰ ਕਾਰਯਕ੍ਰਮ ਦੀ ਇਜਾਜ਼ਤ ਨਹੀਂ ਲਈ ਗਈ ਤਾਂ ਇਸ ਦੀ ਜਾਣਕਾਰੀ ਅਫਸਰਾਂ ਨੂੰ ਦਿੰਦੇ ਤੇ ਕਾਰਯਕ੍ਰਮ ਨੂੰ ਰੋਕਿਆ ਜਾਂਦਾ। ਇਸ ਦੇ ਨਾਲ ਹੀ ਨਗਰ ਨਿਗਮ ਦੇ ਐਡਵਰਟਾਈਜਮੈਂਟ ਡਿਪਾਰਟਮੈਂਟ ਦੇ ਸੁਪਰਡੈਂਟ ਪੁਸ਼ਪਿੰਦਰ ਸਿੰਘ, ਫ਼ੀਲਡ ਅਫ਼ਸਰ ਗਿਰੀਸ਼ ਕੁਮਾਰ, ਅਰੁਣ ਕੁਮਾਰ ਅਤੇ ਇਨ੍ਹਾਂ ਦੇ ਥੱਲੇ ਕੰਮ ਕਰਨ ਵਾਲੇ ਕਈ ਮੁਲਾਜ਼ਮਾਂ ਨੂੰ ਵੀ ਦੋਸ਼ੀ ਦੱਸਿਆ ਗਿਆ ਹੈ।
ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਕਿਸੇ ਵੀ ਸਰਕਾਰੀ ਜ਼ਮੀਨ 'ਤੇ ਕੋਈ ਵੀ ਆਪਣੇ ਕਿਸੇ ਵੀ ਪ੍ਰੋਗਰਾਮ ਦੇ ਆਯੋਜਨ ਬਾਰੇ ਹੋਲਡਿੰਗ ਨਹੀਂ ਲਗਾ ਸਕਦਾ ਪਰ ਇੱਥੇ ਆਯੋਜਕਾਂ ਵੱਲੋਂ ਪਹਿਲਾ ਤੋਂ ਹੀ ਹੋਰਡਿੰਗ ਲਗਾਏ ਗਏ ਸਨ। ਇਨ੍ਹਾਂ ਅਫਸਰਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਪਰ ਇਨ੍ਹਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਸਗੋਂ ਹਾਦਸਾ ਹੋਣ ਤੋਂ ਬਾਅਦ ਇਨ੍ਹਾਂ ਹੋਰਡਿੰਗਜ਼ ਨੂੰ ਫ਼ੌਰਨ ਹਟਾ ਦਿੱਤਾ ਗਿਆ। ਰਿਪੋਰਟ ਵਿੱਚ ਨਗਰ ਨਿਗਮ ਅੰਮ੍ਰਿਤਸਰ ਦੇ ਇਨ੍ਹਾਂ 5 ਅਫ਼ਸਰਾਂ ਅਤੇ ਮੁਲਾਜ਼ਮਾਂ ਤੋਂ ਇਲਾਵਾ ਕਈ ਹੋਰ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।