ਜਲੰਧਰ : ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਈਡੀ ਦਫ਼ਤਰ ਦੇ ਬਾਹਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾੰ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। 'ਆਪ' ਵਰਕਰਾਂ ਵੱਲੋਂ ਇਹ ਪ੍ਰਦਰਸ਼ਨ ਰਣਇੰਦਰ ਸਿੰਘ ਦੇ ਈਡੀ ਦਫ਼ਤਰ ਹਾਜ਼ਰ ਨਾ ਹੋਣ ਦੇ ਚਲਦੇ ਕੀਤਾ ਗਿਆ।
ਕਾਲੀਆਂ ਝੰਡੀਆਂ ਲੈ 'ਆਪ' ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ 'ਆਪ' ਵਰਕਰ ਤਰੁਣਦੀਪ ਖੁਰਾਨਾ ਨੇ ਆਖਿਆ ਕਿ ਉਹ ਈਡੀ ਦਫਤਰ ਦੇ ਬਾਹਰ ਕਾਲੀਆਂ ਝੰਡੀਆਂ ਲੈ ਕੇ ਕੈਪਟਨ ਸਰਕਾਰ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਨੂੰ ਬੇਹਿਸਾਬ ਜਾਇਦਾਦ ਦੇ ਸਬੰਧ 'ਚ ਸੰਮਨ ਭੇਜ ਕੇ ਤਲਬ ਕੀਤਾ ਗਿਆ ਸੀ। ਮੰਗਲਵਾਰ ਦੇ ਦਿਨ ਰਣਇੰਦਰ ਸਿੰਘ ਨੂੰ ਈਡੀ ਦਫ਼ਤਰ ਜਲੰਧਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਹ 2021 ਦੀਆਂ ਓਲੰਪਿਕ ਖੇਡਾਂ ਦਾ ਹਵਾਲਾ ਕੇ ਈਡੀ ਦਫ਼ਤਰ ਪੇਸ਼ ਨਹੀਂ ਹੋਏ।
ਤਰੁਣਦੀਪ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਿਛਲੇ ਸਮੇਂ ਤੇ ਹੁਣ ਆਪਣੀ ਸੱਤਾ ਦੇ ਦੌਰਾਨ ਕਿਸਾਨਾਂ, ਗਰੀਬ ਲੋਕਾਂ ਤੇ ਆਮ ਜਨਤਾ ਨਾਲ ਧੱਕੇਸ਼ਾਹੀ ਕੀਤੀ ਹੈ। ਕੈਪਟਨ ਸਰਕਾਰ ਨੇ ਗਰੀਬਾਂ ਤੇ ਆਮ ਜਨਤਾ ਦੇ ਪੈਸੇ ਲੁੱਟੇ ਹਨ। ਜਿਸ ਨੂੰ ਕਿ ਉਨ੍ਹਾਂ ਨੇ ਰਣਇੰਦਰ ਨੂੰ ਜਾਇਦਾਦ ਦੇ ਤੌਰ 'ਤੇ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਤਾਂ ਰਣਇੰਦਰ ਈਡੀ ਦਫ਼ਤਰ ਪੇਸ਼ ਨਹੀਂ ਹੋਏ, ਪਰ ਉਹ ਅਗਲੀ ਵਾਰ ਜਦ ਵੀ ਇਥੇ ਆਉਣਗੇ ਤਾਂ ਆਮ ਆਦਮੀ ਪਾਰਟੀ ਵੱਲੋਂ ਪਿਓ-ਪੁੱਤਰ ਖਿਲਾਫ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।