ਜਲੰਧਰ: ਇੱਕ ਪਾਸੇ ਕੋਰੋਨਾ ਵਾਇਰਸ ਤੇ ਹੋਰਨਾਂ ਕਾਰਨਾਂ ਕਰਕੇ ਪੰਜਾਬ ਦੇ ਕਿਸਾਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਜਲੰਧਰ ਦੇ ਇੱਕ ਕਿਸਾਨ ਨੇ ਆਪਣੀ ਢਾਈ ਏਕੜ ਜ਼ਮੀਨ 'ਤੇ ਕਈ ਦੇਸੀ ਤੇ ਵਿਦੇਸ਼ੀ ਕਿਸਮ ਦੇ ਵੱਖ-ਵੱਖ ਫਲਾਂ ਦੀ ਖੇਤੀ ਕਰ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ।
ਵਿਦੇਸ਼ੀ ਫਲਾਂ ਦੀ ਬਾਗਬਾਨੀ ਕਰ ਜਲੰਧਰ ਦੇ ਕਿਸਾਨ ਨੇ ਪੇਸ਼ ਕੀਤੀ ਮਿਸਾਲ - ਜਲੰਧਰ
ਜਲੰਧਰ ਦੇ ਇੱਕ ਕਿਸਾਨ ਨੇ ਆਪਣੇ ਖੇਤਾਂ 'ਚ ਦੇਸੀ ਤੇ ਵਿਦੇਸ਼ੀ ਕਈ ਕਿਸਮ ਦੇ ਵੱਖ-ਵੱਖ ਫਲਾਂ ਦੀ ਖੇਤੀ ਕਰ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਕਿਸਾਨ ਮੁਤਾਬਕ ਜੇਕਰ ਹੋਰ ਕਿਸਾਨ ਵੀ ਬਾਗਬਾਨੀ ਕਰਨ ਤਾਂ ਉਹ ਆਰਥਿਕ ਮੰਦੀ ਤੋਂ ਬਾਹਰ ਆ ਸਕਦੇ ਹਨ।
ਇਸ ਬਾਰੇ ਦੱਸਦੇ ਹੋਏ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਸ਼ੌਂਕ ਵਜੋ ਬਾਗਬਾਨੀ ਕਰਦੇ ਸਨ, ਪਰ ਹੋਲੀ-ਹੋਲੀ ਉਨ੍ਹਾਂ ਇਸ ਨੂੰ ਵਪਾਰ ਬਣਾ ਲਿਆ। ਉਹ ਵਿਦੇਸ਼ਾਂ ਤੋਂ ਵੀ ਬੂਟੇ ਲਿਆ ਕੇ ਆਪਣੇ ਖੇਤਾਂ 'ਚ ਉਗਾਉਂਦੇ ਹਨ। ਸੁਖਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ 'ਚ ਅੰਬ, ਅੰਗੂਰ, ਡ੍ਰੈਗਨ ਫਰੂਟ ਤੇ ਹੋਰਨਾਂ ਕਈ ਵਿਦੇਸ਼ੀ ਕਿਸਮਾਂ ਦੇ ਫਲ ਲਾਏ ਹਨ। ਉਨ੍ਹਾਂ ਆਪਣੇ ਖੇਤ 'ਚ ਤਕਰੀਬਨ 35 ਕਿਸਮ ਦੇ ਫਲ ਉਗਾਏ ਹਨ। ਸੁਖਵਿੰਦਰ ਨੇ ਦੱਸਿਆ ਕਿ ਉਹ ਵਿਦੇਸ਼ੀ ਫਲਾਂ ਦੇ ਬੂਟੇ ਲੋਕਾਂ ਨੂੰ ਵੀ ਦਿੰਦੇ ਹਨ। ਉਨ੍ਹਾਂ ਆਖਿਆ ਕਿ ਜੇਕਰ ਕਿਸਾਨ ਚਾਹੁਣ ਤਾਂ ਉਹ ਰਵਾਇਤੀ ਖੇਤੀ ਦੇ ਨਾਲ-ਨਾਲ ਆਪਣੇ ਖੇਤਾਂ 'ਚ ਵੱਖ-ਵੱਖ ਤਰ੍ਹਾਂ ਦੇ ਫਲ ਅਤੇ ਫੁੱਲ ਲਾਉਣ ਤਾਂ ਉਹ ਵੱਧ ਮੁਨਾਫਾ ਕਮਾ ਸਕਦੇ ਹਨ। ਇਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ 'ਚ ਸੁਧਾਰ ਹੋਵੇਗਾ ਅਤੇ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਰੁਕ ਜਾਣਗੇ।
ਇਸੇ ਇਲਾਕੇ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮਰ ਅੱਜ 50 ਸਾਲ ਹੈ ਅਤੇ ਉਨ੍ਹਾਂ ਨੇ ਆਪਣੀ ਪੂਰੀ ਉਮਰ ਵਿੱਚ ਇਸ ਤਰ੍ਹਾਂ ਦਾ ਕੋਈ ਖੇਤ ਨਹੀਂ ਵੇਖਿਆ ਜਿੱਥੇ ਕਈ ਕਿਸਮਾਂ ਦੇ ਫਲਾਂ ਦੇ ਬੂਟੇ ਲੱਗੇ ਹੋਣ। ਉਨ੍ਹਾਂ ਕਿਹਾ ਕਿ ਜੇਕਰ ਇਨਸਾਨ ਚਾਹੇ ਤਾਂ ਹਰ ਕੰਮ ਸੰਭਵ ਹੈ।