ਜਲੰਧਰ: ਬੀਤੇ ਦਿਨ ਜਲੰਧਰ ਦੇ ਕਪੂਰਥਲਾ ਚੌਕ 'ਚ 15 ਸਾਲਾ ਕੁੜੀ ਕੁਸੁਮ, ਜਿਸਦਾ ਲੁਟੇਰਿਆਂ ਨਾਲ ਮੁਕਾਬਲਾ ਕਰਦੇ ਹੋਏ ਹੱਥ ਕੱਟਿਆ ਗਿਆ ਸੀ। ਕੁਸੁਮ ਨੇ ਬੜੀ ਹੀ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ। ਕੁਸੁਮ ਦੀ ਇਸ ਬਹਾਦਰੀ ਦੇ ਚਰਚੇ ਦੁਨੀਆ ਭਰ ਵਿੱਚ ਹੋਏ। ਕੁਸੁਮ ਨੇ ਈਟੀਵੀ ਭਾਰਤ ਨੂੰ ਆਪਣੇ ਮੋਬਾਈਲ ਦੀ ਅਹਿਮੀਅਤ ਬਾਰੇ ਦੱਸਿਆ ਹੈ। ਕੁਸੁਮ ਨੇ ਦੱਸਿਆ ਕਿ ਇਹ ਮੋਬਾਈਲ ਫੋਨ ਉਸ ਦੀ ਜਾਨ ਹੈ ਕਿਉਂਕਿ ਉਹ ਇਸ ਤੋਂ ਆਨਲਾਈਨ ਆਪਣੀ ਪੜ੍ਹਾਈ ਕਰਦੀ ਹੈ।
ਕੁਸੁਮ ਦੀ ਇਸ ਬਹਾਦਰੀ ਬਾਰੇ ਜਦੋਂ ਈਟੀਵੀ ਭਾਰਤ ਨੇ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਹਨ। ਕੁਸੁਮ ਨੇ ਦੱਸਿਆ ਕਿ ਉਹ ਚੰਗੀ ਤਰ੍ਹਾਂ ਪੜ੍ਹਾਈ ਕਰਕੇ ਪੁਲਿਸ ਅਫ਼ਸਰ ਬਣਨਾ ਚਾਹੁੰਦੀ ਹੈ। ਇਸ ਲਈ ਅੱਜ ਕੱਲ੍ਹ ਕੋਰੋਨਾ ਦੇ ਦੌਰ ਵਿੱਚ ਉਸ ਨੂੰ ਆਨਲਾਈਨ ਪੜ੍ਹਾਈ ਲਈ ਇੱਕ ਸਮਾਰਟ ਫੋਨ ਉਸ ਦੇ ਪਿਤਾ ਨੇ ਕਿਸ਼ਤਾਂ 'ਤੇ ਲੈ ਕੇ ਦਿੱਤਾ ਸੀ। ਕੁਸੁਮ ਮੁਤਾਬਕ ਇਹ ਫੋਨ ਉਸ ਦੀ ਜਾਨ ਤੋਂ ਵੀ ਜ਼ਿਆਦਾ ਕੀਮਤੀ ਹੈ ਕਿਉਂਕਿ ਅੱਜ ਇਹ ਫੋਨ ਉਸ ਦਾ ਮਾਸਟਰ ਹੈ, ਇਹੀ ਉਸ ਦੀ ਕਿਤਾਬ ਹੈ ਅਤੇ ਇਹ ਫੋਨ ਹੀ ਉਸ ਦਾ ਸਕੂਲ ਹੈ।
ਕੁਸੁਮ ਜਾਣਦੀ ਸੀ ਕਿ ਜੇਕਰ ਇਹ ਫ਼ੋਨ ਲੁਟੇਰੇ ਖੋਹ ਕੇ ਲੈ ਗਏ ਤਾਂ ਫਿਰ ਉਸ ਦੀ ਪੜ੍ਹਾਈ ਅੱਗੇ ਨਹੀਂ ਹੋ ਸਕਦੀ। ਕੁਸੁਮ ਮੁਤਾਬਕ ਇਹੀ ਕਾਰਨ ਸੀ ਉਸ ਨੇ ਇਸ ਫੋਨ ਲਈ ਲੁਟੇਰਿਆਂ ਨਾਲ ਲੜਦੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ।