ਹੁਸ਼ਿਆਰਪੁਰ: ਜਿਥੇ ਇੱਕ ਪਾਸੇ ਦਿੱਲੀ ਬਾਰਡਰਾਂ 'ਤੇ ਕਿਸਾਨ ਅੰਦੋਲਨ ਜਾਰੀ ਹੈ, ਉਥੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਪੰਜਾਬ ਵਾਸੀਆਂ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਹਰ ਵਰਗ ਦੇ ਲੋਕ ਕਿਸਾਨੀ ਸੰਘਰਸ਼ 'ਚ ਵੱਖੋ ਵੱਖ ਢੰਗ ਨਾਲ ਯੋਗਦਾਨ ਪਾ ਰਹੇ ਹਨ। ਅਜਿਹਾ ਹੀ ਨਜ਼ਾਰਾ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਬਹਾਲਾ ਵਿਖੇ ਵੇਖਣ ਨੂੰ ਮਿਲਿਆ। ਇਥੇ ਇੱਕ ਨੌਜਵਾਨ ਆਪਣੇ ਵਿਆਹ ਮੌਕੇ ਬਰਾਤ 'ਚ ਲਗਜ਼ਰੀ ਗੱਡੀਆਂ ਨੂੰ ਕਿਸਾਨੀ ਝੰਡੀਆਂ ਨਾਲ ਸਜਾ ਕੇ ਲੈ ਗਿਆ।
ਕਿਸਾਨੀ ਝੰਡੀਆਂ ਨਾਲ ਸਜੀ ਬਰਾਤ ਲੈ ਵਿਆਹ ਕਰਵਾਉਣ ਪੁੱਜਾ ਨੌਜਵਾਨ
ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ 'ਚ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ 'ਚ ਵੀ ਕਿਸਾਨਾਂ ਨੂੰ ਹਰ ਵਰਗ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਹਰ ਕੋਈ ਆਪੋ ਆਪਣੇ ਢੰਗ ਨਾਲ ਕਿਸਾਨ ਅੰਦੋਲਨ ਲਈ ਆਪਣਾ ਯੋਗਦਾਨ ਪਾ ਰਿਹਾ ਹੈ।
ਨੌਜਵਾਨ ਗੁਰਪ੍ਰੀਤ ਸਿੰਘ ਆਪਣੇ ਵਿਆਹ ਮੌਕੇ ਕਿਸਾਨੀ ਝੰਡੀਆਂ ਨਾਲ ਸਜੀ ਬਰਾਤ ਲੈ ਵਿਆਹ ਕਰਵਾਉਣ ਪੁੱਜਾ। ਪਿੰਡ ਤੇ ਸ਼ਹਿਰ ਵਾਸੀਆਂ ਨੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਗੁਰਪ੍ਰੀਤ ਦੇ ਪਰਿਵਾਰਕ ਮੈਂਬਰ ਵੀ ਉਸ ਦੇ ਇਸ ਕਾਰਵਾਈ ਨਾਲ ਬੇਹਦ ਖੁਸ਼ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਉਸ ਦਾ ਪਰਿਵਾਰਕ ਰੁਝੇਵਿਆਂ ਕਾਰਨ ਦਿੱਲੀ ਨਹੀਂ ਜਾ ਸਕਿਆ, ਪਰ ਉਸ ਨੇ ਇਹ ਕਦਮ ਕਿਸਾਨਾਂ ਦੇ ਹੱਕਾਂ ਲਈ ਚੁੱਕਿਆ ਹੈ। ਉਸ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਾ ਹੈ। ਗੁਰਪ੍ਰੀਤ ਨੇ ਕਿਹਾ ਕਿ ਵੱਡੀ ਗਿਣਤੀ 'ਚ ਬਜ਼ੁਰਗ,ਬੱਚੇ, ਨੌਜਵਾਨ ਤੇ ਕਿਸਾਨ ਦਿੱਲੀ ਬਾਰਡਰਾਂ 'ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਇਸ ਲਈ ਉਸ ਨੇ ਕਿਸਾਨਾਂ ਦੇ ਸਮਰਥਨ 'ਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਲਾੜੇ ਗੁਰਪ੍ਰੀਤ ਤੇ ਉਸ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਨੇ ਮੋਦੀ ਸਰਕਾਰ ਤੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ।