ਹੁਸ਼ਿਆਰਪੁਰ: ਪੰਜਾਬ ਹਿਮਾਚਲ ਸਰਹੱਦ ’ਤੇ ਇੱਕ ਮਹਿਲਾ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੌਰਾਨ ਮਹਿਲਾ ਦੀ ਮੌਤ ਹੋ ਗਈ ਹੈ ਜਦਕਿ ਮਹਿਲਾ ਨਾਲ ਮੌਜੂਦ ਨੌਜਵਾਨ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਇੱਕ ਅਣਪਛਾਤੇ ਵਿਅਕਤੀ ਵੱਲੋਂ ਪੰਜ ਰਾਉਂਡ ਇੱਕ ਮਹਿਲਾ ਅਤੇ ਇੱਕ ਨੌਜਵਾਨ ’ਤੇ ਮਾਰੇ ਗਏ ਸੀ। ਜਿਸ ਕਾਰਨ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਮਹਿਲਾ ਅਤੇ ਨੌਜਵਾਨ ਪੰਜਾਬ ਤੋਂ ਹਿਮਾਚਲ ਗੋਂਦਪੁਰ ਬਨਹੇੜਾ ਆਪਣੇ ਰਿਸ਼ਤੇਦਾਰਾਂ ਦੇ ਘਰ ਨੂੰ ਜਾ ਰਹੇ ਸੀ। ਕਿ ਅਚਾਨਕ ਦੌਲਤਪੁਰ ਤੋਂ ਢੋਲਵਾਹਾ ਸੜਕ ਮਾਰਗ ’ਤੇ ਹਿਮਾਚਲ ਪੰਜਾਬ ਦੀ ਸੀਮਾ ਸੁਰੰਗਦੁਆਰੀ ਦੇ 50 ਮੀਟਰ ਪੰਜਾਬ ਸਰਹੱਦ ’ਤੇ ਇਨ੍ਹਾਂ ’ਤੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ।
ਘਟਨਾ ਸਥਾਨ ਤੋਂ ਪੰਜ ਰਾਉਂਡ ਫਾਇਰ ਦੇ ਖੋਲ੍ਹ ਮਿਲਣ ਨਾਲ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਲਗਭਗ ਪੰਜ ਗੋਲੀਆਂ ਮੌਕੇ ’ਤੇ ਚਲਾਈਆਂ ਗਈਆਂ। ਇਸ ਘਟਨਾ ਨੂੰ ਵੱਖ-ਵੱਖ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਜਿੱਥੇ ਘਟਨਾ ਵਾਪਰੀ ਹੈ ਉਹ ਇਲਾਕਾ ਬੇਹੱਦ ਹੀ ਸੁਨਸਾਨ ਹੈ ਅਤੇ ਇਸ ਥਾਂ ’ਤੇ ਲੁੱਟਖੋਹ ਦੇ ਇਰਾਦੇ ਦੇ ਨਾਲ ਇਹ ਘਟਨਾ ਹੋ ਸਕਦੀ ਹੈ। ਪਰ ਇਸ ਘਟਨਾ ਦੇ ਪਿੱਛੇ ਦੇ ਕਾਰਨ ਨੂੰ ਆਪਸੀ ਰੰਜਿਸ਼ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।