ਹੁਸ਼ਿਆਰਪੁਰ:ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲਾਂ ’ਚ 1 ਜੂਨ ਤੋਂ ਗਰਮੀਆਂ ਦੀਆਂ ਛੁੱਟੀਆ ਦਾ ਐਲਾਨ ਕਰ ਸਕੂਲ ਬੰਦ ਕਰਵਾਏ ਗਏ ਹਨ ਉੱਥੇ ਹੀ ਦੂਜੇ ਪਾਸੇ ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ਦਾ ਇੱਕ ਸਕੂਲ ਜੋ ਇਨ੍ਹਾਂ ਹੁਕਮਾਂ ਨੂੰ ਟਿੱਚ ਸਮਝ ਰਿਹਾ ਹੈ। ਪੰਜਾਬ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੀ ਮਰਜ਼ੀ ਨਾਲ 43 ਡਿਗਰੀ ਤਾਪਮਾਨ ਵਿੱਚ ਅਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਵੀ ਨਿੱਜੀ ਸਕੂਲ ਦੇ ਮਾਲਕ ਸਕੂਲ ਚਲਾ ਰਹੇ ਹਨ।
ਛੋਟੇ ਬੱਚਿਆਂ ਦੀ ਕਾਲਸਾਂ ਲਗਾਈਆਂ ਜਾ ਰਹੀਆਂ: ਦੱਸ ਦਈਏ ਕਿ ਮੁਕੇਰੀਆਂ ਦੇ ਪਿੰਡ ਬੇਗਪੁਰ ਕਮਲੂਹ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੇਗਪੁਰ ਕਮਲੂਹ ਵਿੱਚ ਗਰਮੀਆਂ ਦੀਆਂ ਛੁੱਟੀਆਂ ਅਤੇ 43 ਡਿਗਰੀ ਤਾਪਮਾਨ ਵਿੱਚ ਵੀ ਆਪਣੀ ਮਨਮਰਜ਼ੀ ਨਾਲ ਬੱਚਿਆਂ ਦੀਆਂ ਕਲਾਸਾਂ ਲਗਾ ਰਹੇ ਹਨ। ਸਕੂਲ ਪ੍ਰਸ਼ਾਸਨ ਵੱਲੋਂ ਛੋਟੇ ਬੱਚਿਆਂ ਦੀ ਕਾਲਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਸਕੂਲੀ ਬੱਚੇ ਮੋਟਰਸਾਈਕਲ ਅਤੇ ਸਕੂਟਰੀ ’ਤੇ ਆ ਜਾ ਰਹੇ ਹਨ ਜੋ ਕਿ ਕਦੇ ਵੀ ਕੋਈ ਮੰਦਭਾਗੀ ਘਟਨਾ ਦੇ ਸ਼ਿਕਾਰ ਹੋ ਸਕਦੇ ਹਨ।
'ਮਾਪਿਆਂ ਦੀ ਇਜ਼ਾਜ਼ਤ ਨਾਲ ਹੀ ਖੋਲ੍ਹੇ ਗਏ ਹਨ ਸਕੂਲ': ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਸੁਮਨ ਲੱਤਾ ਨੂੰ ਪੁੱਛਿਆ ਕਿ ਤੁਸੀਂ ਪੰਜਾਬ ਸਰਕਾਰ ਦੇ ਨਿਰਦੇਸ਼ ਦੀ ਪਾਲਣਾ ਨਾ ਕਰਦੇ ਹੋਏ ਗਰਮੀਆਂ ਦੀਆਂ ਛੁੱਟੀਆਂ ਵਿੱਚ ਵੀ ਸਕੂਲ ਖੋਲੇ ਹਨ ਤਾਂ ਉਨ੍ਹਾਂ ਦਾ ਜਵਾਬ ਵੀ ਬਹੁਤ ਅਜੀਬ ਜਿਹਾ ਸੀ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਤਾ ਪਿਤਾ ਅਨਪੜ੍ਹ ਹਨ ਉਨਾਂ ਦੀ ਇਜਾਜ਼ਤ ਨਾਲ ਹੀ ਸਕੂਲ ਖੋਲ੍ਹੇ ਹਨ।