ਹੁਸ਼ਿਆਰਪੁਰ: ਫਤਿਹਗੜ ਦੇ ਸਿਕੰਦਰ ਕਟੋਚ ਨੇ ਸਥਾਨਕ ਪੁਲਿਸ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਪ੍ਰੈਸ ਨਾਲ ਗੱਲਬਾਤ ਕੀਤੀ। ਸਿਕੰਦਰ ਨੇ ਦੱਸਿਆ ਕਿ ਪੁਲਿਸ ਨੇ ਇੱਕ ਔਰਤ ਦੀ ਸ਼ਿਕਾਇਤ ਦੀ ਜਾਂਚ ਕੀਤੇ ਬਗੈਰ 8 ਅਗਸਤ 2019 ਨੂੰ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਬਿਨ੍ਹਾਂ ਕੋਈ ਮੌਕਾ ਦਿੱਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਉਕਤ ਮਾਮਲੇ ਵਿੱਚ ਜ਼ਮਾਨਤ 'ਤੇ ਵਾਪਸ ਆਉਂਦੇ ਹੋਏ ਸਿਕੰਦਰ ਕਟੋਚ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਇਨਸਾਫ਼ ਦੇਣਾ ਦੇ ਬਦਲੇ ਉਸ 'ਤੇ ਇੱਕ ਹੋਰ ਝੂਠੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਉਸ ਵਿਰੁੱਧ 18 ਲੱਖ ਰੁਪਏ ਦੀ ਠੱਗੀ ਮਾਰਨ ਦਾ ਝੂਠਾ ਕੇਸ ਦਰਜ ਕੀਤਾ ਹੈ।
ਕਟੋਚ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ 3 ਮਹੀਨੇ ਪਹਿਲਾਂ ਐਸਐਸਪੀ ਦਫ਼ਤਰ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ, ਜਿਸ ’ਤੇ ਅੱਜ ਤੱਕ ਕਾਰਵਾਈ ਨਹੀਂ ਕੀਤੀ ਗਈ। ਉਹ ਅਤੇ ਉਸ ਦਾ ਪਰਿਵਾਰ ਇਨਸਾਫ਼ ਲਈ ਦਰ-ਦਰ ਘੁੰਮ ਰਹੇ ਹਨ ਪਰ ਉਨ੍ਹਾਂ ਨੇ ਕਿਧਰੇ ਵੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਕਾਰਨ ਉਹ ਉਪਰੋਕਤ ਕਦਮ ਚੁੱਕਣ ਲਈ ਮਜਬੂਰ ਹਨ।
ਜਦੋਂ ਇਸ ਸਬੰਧੀ ਥਾਣਾ ਮਾਡਲ ਟਾਉਨ ਦੇ ਇੰਚਾਰਜ ਬਿਕਰਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਤੋਂ ਬਾਅਦ ਹੀ ਕੇਸ ਦਰਜ ਕਰਦੀ ਹੈ, ਜੇ ਅਜੇ ਵੀ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਇਸ ਸਬੰਧ ਵਿੱਚ ਜ਼ਰੂਰ ਸੁਣਵਾਈ ਕੀਤੀ ਜਾਵੇਗੀ। ਕਟੋਚ ਨੇ ਕਿਹਾ, "ਜੇ ਪੁਲਿਸ ਮੇਰੇ ਵਿਰੁੱਧ ਦਰਜ ਝੂਠੇ ਕੇਸਾਂ ਨੂੰ ਰੱਦ ਨਹੀਂ ਕਰਦੀ ਹੈ ਤਾਂ ਮੈਂ ਪਰਿਵਾਰ ਸਮੇਤ ਐਸਐਸਪੀ ਦਫਤਰ ਦੇ ਬਾਹਰ ਭੁੱਖ ਹੜਤਾਲ ਅਰੰਭ ਕਰਾਂਗਾ।"