ਹੁਸ਼ਿਆਰਪੁਰ: ਸੜਕੀ ਹਾਦਸਿਆਂ ਦਾ ਗੜ੍ਹ ਬਣੀ ਗੜ੍ਹਸ਼ੰਕਰ ਨੰਗਲ ਰੋਡ ਸਰਕਾਰ ਦੀ ਅਣਦੇਖੀ ਕਾਰਨ ਕੀਮਤੀ ਜਾਨਾਂ ਨਿਗਲ਼ ਰਹੀ ਹੈ। ਇਹ ਸੜਕ ਪੰਜਾਬ ਅਤੇ ਹਿਮਾਚਲ ਨੂੰ ਆਪਸ ਵਿੱਚ ਜੋੜਨ ਦੇ ਨਾਲ ਨਾਲ ਧਾਰਮਿਕ ਅਸਥਾਨਾਂ ਨੂੰ ਵੀ ਜਾਂਦੀ ਹੈ। ਇਸ ਸੜਕ ਨੂੰ ਲੈਕੇ ਭਾਵੇਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਿਰਫ਼ ਰਾਜਨੀਤੀ ਹੀ ਕੀਤੀ ਹੈ ਪਰ ਧੇਲ੍ਹੇ ਦਾ ਕੰਮ ਨਹੀਂ ਕੀਤਾ।
ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ ਬਣਾਉਣ ਦੇ ਲਈ ਕੰਡੀ ਸੰਗਰਸ਼ ਕਮੇਟੀ ਅਤੇ ਹੋਰ ਜਥੇਬੰਦੀਆਂ ਨੇ ਕਈ ਵਾਰ ਧਰਨੇ ਪ੍ਰਦਸ਼ਨ ਕੀਤੇ ਉਸ ਸਮੇਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਜਲਦ ਸੜਕ ਦਾ ਕੰਮ ਸ਼ੁਰੂ ਕਰਵਾਉਣ ਦਾ ਸਿਰਫ਼ ਆਸ਼ਵਾਸਨ ਹੀ ਦਿੱਤਾ। ਗੜ੍ਹਸ਼ੰਕਰ ਨੰਗਲ ਰੋਡ਼ ਸੜਕ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਦਿੱਤੇ ਗਏ ਧਰਨੇ ਤੋਂ ਪਹਿਲਾਂ ਗੜ੍ਹਸ਼ੰਕਰ ਤੋਂ ਵਿਧਾਇਕ ਅਤੇ ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪ੍ਰੈਸ ਵਾਰਤਾ ਦੁਰਾਨ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਸੜਕ ਦਾ ਕੰਮ ਸ਼ੁਰੂ ਕਰਵਾਉਣ ਦੀ ਗੱਲ ਕਹੀ ਸੀ। ਪਰ ਅੱਜ ਤੱਕ ਇਸ ਸੜਕ ਦੀ ਸਾਰ ਨਹੀਂ ਲਈ ਗਈ।