ਹੁਸ਼ਿਆਰਪੁਰ: ਜ਼ਿਲ੍ਹੇ ਦੇ ਮਾਹਿਲਪੁਰ ਵਿਖੇ ਉਸ ਸਮੇਂ ਕਾਨੂੰਨ ਦੀਆਂ ਧੱਜੀਆਂ ਉੱਡੀਆਂ ਜਦੋਂ ਦੋ ਦਰਜਨ ਦੇ ਕਰੀਬ ਵਿਦਿਆਰਥੀ ਸਕੂਲ ਦੇ ਬਾਹਰ ਆਪਸ ਚ ਭਿੜ ਗਏ। ਮਿਲੀ ਜਾਣਕਾਰੀ ਮੁਤਾਬਿਕ ਸਰਦਾਰ ਬਲਦੇਵ ਸਿੰਘ ਮਾਹਿਲਪੁਰੀ ਸਰਕਾਰੀ ਸੈਕੰਡਰੀ ਸਕੂਲ ਬਾਹਰ ਕਿਸੇ ਗੱਲ ਨੂੰ ਲੈ ਕੇ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ। ਦੱਸ ਦਈਏ ਕਿ ਇਹ ਸਾਰੇ ਹੀ ਵਿਦਿਆਰਥੀ ਬਾਰ੍ਹਵੀਂ ਪ੍ਰੀਖਿਆ ਦਾ ਆਖ਼ਰੀ ਪੇਪਰ ਦੇਣ ਆਏ ਸੀ। ਵਿਦਿਆਰਥੀਆਂ ਦੀ ਝੜਪ ਦੇ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।
ਦੱਸ ਦਈਏ ਕਿ ਸਕੂਲ ਦੇ ਨੇੜੇ ਥਾਣਾ ਵੀ ਹੈ ਪਰ ਕਾਨੂੰਨ ਵਿਵਸਥਾ ਦਾ ਖੌਫ ਵਿਦਿਆਰਥੀਆਂ ’ਚ ਨਾ ਦਿਖਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਵਿਚਾਲੇ ਕਿਸੇ ਗੱਲ ਨੂੰ ਪਹਿਲਾਂ ਬਹਿਸ ਹੋਈ ਸੀ ਇਸ ਤੋਂ ਬਾਅਦ ਇਸ ਬਹਿਸ ਨੇ ਖੂਨੀ ਰੂਪ ਧਾਰ ਲਿਆ। ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਕੁਝ ਵਿਦਿਆਰਥੀ ਇਨ੍ਹਾਂ ਨੂੰ ਛੁਡਾਉਣ ਦੀ ਵੀ ਕੋਸ਼ਿਸ਼ ਕਰ ਰਹੇ ਸੀ ਪਰ ਇਹ ਝਗੜਾ ਵਧਦਾ ਚਲਾ ਗਿਆ।